Wednesday, September 5, 2018

ਟਰੈਕਿੰਗ ਰੁਮਾਂਚ ਦਾ ਸਿਖਰ : ਹੰਪਤਾ ਸਰਕੂਲਰ


              
ਯੂਥ ਹੋਸਟਲਜ਼ ਐਸੋਸੀਏਸ਼ਨ ਆਫ ਇੰਡੀਆ ਦੀ ਜੀਵਨ ਮੈਂਬਰਸ਼ਿਪ ਲਿਆਂ ਕਈ ਵਰ੍ਹੇ ਹੋਣ ਦੇ ਬਾਵਯੂਦ ਮੈਂ ਕਿਸੇ ਵੀ ਟਰੈਕਿੰਗ / ਕੈਂਪਿੰਗ ਪ੍ਰੋਗ੍ਰਾਮ ਵਿੱਚ ਭਾਗ ਨਹੀਂ ਸੀ ਲੈ ਸਕਿਆ । ਪਰ ਇਸ ਵਰ੍ਹੇ ਪੱਕਾ ਤਹੱਈਆ ਕਰਕੇ ਆਪਣੇ ਅਧਿਆਪਕ ਸਾਥੀਆਂ ਗੁਰਪ੍ਰੀਤ ਹੀਰਾ , ਕੁਲਵੀਰ ਕੰਧੋਲਾ ਅਤੇ ਸੁਰਜੀਤ ਸਿੰਘ ਨਾਲ ਮਈ ਜੂਨ ਮਹੀਨੇ ਦੌਰਾਨ ਮਨਾਲੀ ਖੇਤਰ ਵਿੱਚ ਐਸੋਸੀਏਸ਼ਨ ਦੇ ਟਰੈਕਿੰਗ ਪ੍ਰੋਗ੍ਰਾਮ ' ਹੰਪਤਾ ਸਰਕੂਲਰ ' ਵਿੱਚ ਬੁਕਿੰਗ ਕਰਵਾ ਲਈ । ਭਾਵੇਂ ਕਿ ਜੂਨ ਮਹੀਨਾ ਆਉਣ ਤੱਕ ਗੁਰਪ੍ਰੀਤ ਹੀਰਾ ਆਪਣੇ ਘਰੇਲੂ ਕਾਰਨਾ ਕਰਕੇ ਵਿੱਚੋਂ ਕਿਰ ਗਿਆ । ਪਰ ਅਸੀਂ ਮਿੱਥੀ ਤਰੀਕ 29 ਮਈ ਨੂੰ ਐਸੋਸੀਏਸ਼ਨ ਦੇ ਮਨਾਲੀ ਨੇੜਲੇ ਪਿੰਡ 15 ਮੀਲ ਬੇਸ ਕੈਂਪ ਜਾ ਪਹੁੰਚੇ । ਇੱਥੇ ਇਹ ਦੱਸਣਾ ਜਰੂਰੀ ਬਣਦਾ ਹੈ ਕਿ ਟਰੈਕਿੰਗ ਬੇਸ ਕੈਂਪ 'ਚ ਰਜਿਸਟ੍ਰੇਸ਼ਨ ਕਰਵਾਉਣ ਮੌਕੇ ਤੁਹਾਡੇ ਕੋਲ ਕਰਵਾਈ ਬੁਕਿੰਗ ਦੀ ਰਸੀਦ ਤੇ ਤੁਹਾਡੇ ਮੈਂਬਰਸ਼ਿਪ ਕਾਰਡ ਤੋਂ ਇਲਾਵਾ ਮੈਡੀਕਲ ਫਿੱਟਨੈੱਸ ਸਰਟੀਫਿਕੇਟ ਦੇ ਨਾਲ ਨਾਲ ਟਰੈਕਿੰਗ ਲਈ ਸੁਝਾਇਆ ਸਮਾਨ ਹੋਣਾ ਬੇਹੱਦ ਜਰੂਰੀ ਹੈ। ਬੇਸ ਕੈਂਪ ਵਿੱਚ ਪਹੁੰਚ ਕੇ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਅਸੀਂ ਪੰਜਾਬ ਦੇ ਨੇੜਲੇ ਪਹਾੜੀ ਸੈਲਾਨੀ ਸਥਾਨ ਮਨਾਲੀ ਨੇੜੇ ਨਾ ਹੋ ਕੇ ਕਿਦੇ ਦੱਖਣੀ ਭਾਰਤ ਵਿੱਚਲੇ ਕੈਂਪ ਵਿੱਚ ਹੋਈਏ । ਸੈਂਕੜੇ ਦੀ ਗਿਣਤੀ ਟਰੈਕਰਾਂ ਵਿੱਚ ਅਸੀਂ ਕੇਵਲ ਤਿੰਨ ਹੀ ਪੰਜਾਬੀ ਸਾਂ । ਇਸ ਗੱਲ ਦੀ ਪੁਸ਼ਟੀ ਬਾਅਦ ਵਿੱਚ ਪ੍ਰਬੰਧਕਾਂ ਨੇ ਵੀ ਕੀਤੀ । ਹੈਰਾਨੀ ਦੀ ਗੱਲ ਹੈ ਕਿ ਅਸੀਂ ਹਰ ਸਾਲ ਗਰਮੀਆਂ ਵਿੱਚ ਪਹਾੜਾਂ ਵੱਲ ਭੱਜਦੇ ਹਾਂ, ਪਰ ਪਹਾੜੀ ਸੈਰਗਾਹਾਂ ਦੇ ਪ੍ਰਮੁੱਖ ਸ਼ਹਿਰਾਂ ਦੇ ਜਾਮਾਂ ਵਿੱਚ ਫਸ ਕੁਦਰਤ ਨੇ ਅਸਲ ਨਜ਼ਾਰਿਆਂ ਤੋਂ ਦੂਰ ਬਹੁਤੇ ਖੱਜਲਖੁਆਰ ਹੀ ਹੋ ਮੁੜਦੇ ਹਾਂ । ਬੇਸ ਕੈਂਪ ਵਿੱਚ ਰਿਹਾਇਸ਼ ਟੈਂਟਾਂ ਵਿੱਚ ਸੀ ਅਤੇ ਰਾਤ ਨੂੰ ਬਿਸਤਰੇ ਦੀ ਥਾਂ ਸਲੀਪਿੰਗ ਬੈਗ ਸੀ ਜੋ ਕਿ ਕੈਂਪ ਦੇ ਸਟੋਰ ਟੋਂ ਹੀ ਹਰ ਇੱਕ ਟਰੈਕਰ ਨੂੰ ਮਿਲਦੇ ਹਨ । ਇਸ ਤੋਂ ਇਲਾਵਾ ਟਰੈਕਿੰਗ ਪਿੱਠੂ ਬੈਗ (ਰੱਕਸੈਕ) ਵੀ ਮਿਲ ਜਾਂਦਾ ਹੈ । ਕੈਂਪ ਦੌਰਾਨ ਕਿਸੇ ਵੀ ਕਿਸਮ ਦੇ ਨਸ਼ੇ ਦੀ ਬਿਲਕੁਲ ਮਨਾਹੀ ਹੁੰਦੀ ਹੈ ਤੇ ਅਵੱਗਿਆ ਕਰਨ ਵਾਲੇ ਨੂੰ ਬਿਨਾ ਦੇਰੀ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ । ਰਾਤ ਸਮੇਂ ਬਹੁਤ ਹੀ ਸਵਾਦਿਸ਼ਟ ਸ਼ਾਕਾਹਾਰੀ ਭੋਜਨ ਪਰੋਸਿਆ ਗਿਆ । ਪਹਿਲੇ ਦੋ ਦਿਨ ਟਰੈਕਿੰਗ ਪ੍ਰੋਗ੍ਰਾਮ ਦੀ ਸਾਰਣੀ ਅਨੁਸਾਰ ਅਨੁਕੂਲਣ ਅਤੇ ਟਰੈਕਿੰਗ ਦੇ ਮੁਢਲੇ ਸੰਕਲਪਾਂ ਤੋਂ ਜਾਣੂ ਕਰਵਾਇਆ ਜਾਣਾ ਸੀ । ਟਰੈਕਿੰਗ ਲਈ 50 - 50 ਦੇ ਮੈਂਬਰਾਂ ਦੇ ਗਰੁੱਪ ਬਣਾਏ ਗਏ ਸਨ ਜੋ ਕਿ ਪਹਿਲਾਂ ਦੱਸੇ ਪ੍ਰੋਗ੍ਰਾਮ ਅਨੁਸਾਰ ਹੀ ਸੀ । ਸਾਡਾ ਦੋ ਜਣਿਆਂ ਦੀ ਰਜਿਸਟ੍ਰੇਸ਼ਨ ਗਰੁੱਪ ਨੰਬਰ 22 ਵਿੱਚ ਸੀ , ਪਰ ਸਾਡੇ ਵੱਲੋਂ ਬੁਕਿੰਗ ਵਿੱਚ ਇੱਕ ਗਲਤੀ ਹੋ ਗਈ ਸੀ ਕਿ ਸਾਡੇ ਇੱਕ ਸਾਥੀ ਦਾ ਗਰੁੱਪ ਨੰਬਰ 21 ਭਰਿਆ ਗਿਆ ਸੀ ।  ਸੋ ਅਸੀਂ ਕੈਂਪ ਇੰਚਾਰਜ ਨੂੰ ਬੇਨਤੀ ਕਰਕੇ ਸੋਧ ਕਰਵਾ ਲਈ ਅਤੇ ਉਨ੍ਹਾਂ ਸਾਨੂੰ ਸਾਰਿਆਂ ਨੂੰ ਗਰੁੱਪ ਨੰਬਰ 21 ਵਿੱਚ ਜਾਣ ਦੀ ਆਗਿਆ ਦੇ ਦਿੱਤੀ । ਸੋ 31 ਮਈ ਨੂੰ ਸਵੇਰ ਦਾ ਭੋਜਨ ਕਰ ਦੁਪਹਿਰ ਦਾ ਭੋਜਨ ਆਪਣੇ ਟਿਫਨਾਂ ਵਿੱਚ ਪਾ ਸਾਨੂੰ ਬੱਸ ਰਾਹੀਂ ਸਾਡੇ ਅਗਲੇ ਪੜਾਅ ਜਗਤਸੁਖ ਵੱਲ ਤੋਰਿਆ ਗਿਆ । ਜਗਤਸੁਖ ਤੋਂ ਹੀ ਸਾਡੀ ਪੈਦਲ ਟਰੈਕਿੰਗ ਸ਼ੁਰੂ ਹੋਣੀ ਸੀ । ਸਾਡੇ ਗਾਈਡ ਜੋ ਕਿ ਨਜ਼ਦੀਕੀ ਪਿੰਡਾਂ ਦੇ ਹੀ ਸਨ , ਸਾਨੂੰ ਤਿਆਰ ਬਰ ਤਿਆਰ ਮਿਲੇ । ਸ਼ਰੂ ਵਿੱਚ ਪਿੰਡਾਂ ਦੇ ਵਿੱਚ ਦੀ ਤਿੱਖੀ ਚੜ੍ਹਾਈ ਸੀ , ਪਹਿਲਾਂ ਥੋੜਾ ਔਖਾ ਲੱਗਿਆ , ਪਰ ਬੀਤੀ ਰਾਤ ਬੇਸ ਕੈਂਪ ਵਿੱਚ ਚੰਦਰਖਾਨੀ ਟਰੈਕ ਪਾਰ ਕਰਕੇ ਪੁੱਜੀ ਇੱਕ ਕੁੜੀ ਦੀ ਗੱਲ ਜ਼ਹਿਨ ਵਿੱਚ ਸੀ ਕਿ ' ਜੇਕਰ ਅਸੀਂ ਆਪਣੇ ਮਨ ਨੂੰ ਸਰ ਕਰ ਲਿਆ ਤਾਂ ਪਹਾੜ ਸਰ ਕਰਨੇ ਕੋਈ ਔਖੀ ਗੱਲ ਨਹੀਂ ।' ਇੱਕ ਦੋ ਪਹਾੜੀ ਪਿੰਡਾਂ ਤੋਂ ਬਾਅਦ ਸ਼ੁਰੂ ਹੋਇਆ ਇਸ ਟਰੈਕਿਗੰ ਦਾ ਅਸਲ ਅਨੰਦ , ਘਣੇ ਰੁੱਖਾਂ ਅਤੇ ਖੂਬਸੂਰਤ ਦ੍ਰਿਸਾਂ ਨਾਲ ਸਰਾਬੋਰ ਸਫਰ । ਦੁਪਹਿਰ ਵੇਲੇ ਜਿੱਥੇ ਗਈਡ ਨੇ ਸਾਨੂੰ ਕੁਝ ਦੇਰ ਆਰਾਮ ਲਈ ਰੋਕਿਆ , ਉੱਥੋਂ ਹੇਠ ਮਨਾਲੀ ਸ਼ਹਿਰ ਦੇ ਖੂਬਸੂਰਤ ਦ੍ਰਿਸ਼ ਨਜ਼ਰ ਆ ਰਿਹਾ ਸੀ । ਸਾਹਮਣੇ ਹਿਮਾਲੀਆ ਦੀ ਧੋਲਾਧਾਰ ਅਤੇ ਪੀਰ ਪੰਜਾਲ ਪਹਾੜਾਂ ਦੇ ਸੰਗਮ ਦੇ ਦ੍ਰਿਸ਼ ਸਨ । ਕੁਝ ਅੱਗੇ ਬਨਹਾਰਾ ਨਾਂ ਦੇ ਪਹਾੜੀ ਪਿੰਡ ਦਾ ਨਾਗ ਮੰਦਰ ਵੀ ਆਇਆ । ਗਾਈਡ ਦੇ ਦੱਸਣ ਅਨੁਸਾਰ ਇਹ ਮੰਦਰ ਬਹੁਤ ਪੁਰਾਣਾ ਹੈ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਮੰਦਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ । ਇੱਥੇ ਇਹ ਦੱਸਣਯੋਗ ਹੈ ਕਿ ਟਰੈਕ ਤੋਂ ਨਿੱਤ ਟਰੈਕਰਾਂ ਦੇ ਲੰਘਦੇ ਹੋਣ ਕਾਰਨ ਸਥਾਨਕ ਲੋਕ ਆਰਜੀ ਦੁਕਾਨਾਂ ਲਗਾ ਲੈਂਦੇ ਹਨ ਜਿਨ੍ਹਾਂ ਵਿੱਚੋਂ ਮੈਗੀ , ਆਂਡੇ ਤੇ ਚਾਹ ਆਦਿ ਮਿਲ ਜਾਂਦੀ ਹੈ । ਬਜ਼ਾਰ ਤੋਂ ਦੂਰ ਇਹ ਦੁਕਾਨਾਂ ਵੀ ਸ਼ਾਹੀ ਹੋਟਲ ਹੀ ਪ੍ਰਤੀਤ ਹੁੰਦੀਆਂ ਹਨ । ਥੋੜਾ ਹੋਰ ਅੱਗੇ ਜਾ ਘਾਹ ਦਾ ਮੈਦਾਨ ਆਇਆ ਜਿੱਥੇ ਘੰਟਾ ਕੁ ਦੇ ਕਰੀਬ ਆਰਾਮ ਕੀਤਾ ਅਤੇ ਦੁਪਹਿਰ ਦਾ ਖਾਣਾ ਖਾਧਾ । ਫਿਰ ਚੜ੍ਹਾਈ ਸ਼ੁਰੂ ਹੋ ਗਈ । ਰਾਹ ਵਿੱਚ ਗਾਈਡ ਨੇ ਸਾਨੂੰ ਨਾਗ ਫੁੱਲ ( ਕੋਬਰਾ ਫਲਾਵਰ ) ਨਾਂ ਦੀ ਬੂਟੀ ਵੇਖੀ , ਜੋ ਕਿ ਇਸ ਖੇਤਰ ਵਿੱਚ ਹੀ ਪਾਈ ਜਾਂਦੀ ਹੈ । ਇਸ ਦਾ ਪੱਤਾ ਫਨ ਫੈਲਾਈਂ ਬੈਠੇ ਨਾਗ ਦਾ ਭੁਲੇਖਾ ਪਾਉਂਦਾ ਹੈ । ਤਕਰੀਬਨ ਚਾਰ ਵਜੇ ਅਸੀਂ ਆਪਣੀ ਪਹਿਲੀ ਠਹਿਰ ' ਤਿਲਗਨ ' ਦੇ ਸਥਾਨ ਤੇ ਪਹੁੰਚ ਗਏ । ਤਿਲਗਨ ਕ੍ਰਿਕਟ ਦੇ ਮੈਦਾਨ ਜਿੱਡਾ ਕੁ ਪਹਾੜ ਦੇ ਇਸ ਸਿਰੇ ਤੇ ਬਣਿਆਂ ਘਾਹ ਦਾ ਮੈਦਾਨ ਹੈ ਜਿਸਦੀ ਉਚਾਈ ਸਮੁੰਦਰ ਤਲ ਤੋਂ 8200 ਫੁੱਟ ਦੇ ਕਰੀਬ ਹੈ । ਪਹੁੰਚਦੇ ਸਾਰ ਹੀ ਚਾਹ ਤਿਆਰ ਸੀ । ਇਸ ਕੈਂਪ ਦੇ ਇੰਚਾਰਜ ਦਿੱਲੀ ਦੇ ਇੱਕ ਅਧਿਆਪਕ ਯਾਦਵ ਜੀ ਸਨ , ਜਿਨ੍ਹਾਂ ਦੱਸਿਆ ਕਿ ਯੂਥ ਹੋਸਟਲ ਐਸੋਸੀਏਸ਼ਨ ਆਫ ਇੰਡੀਆ ਦਾ ਪ੍ਰਬੰਧ ਇਸਦੇ ਵਲੰਟੀਅਰ ਹੀ ਸੰਭਾਲਦੇ ਹਨ । ਉਹ ਖੁਦ ਵੀ ਵਲੰਟੀਅਰ ਤੌਰ ਤੇ ਹੀ ਸੇਵਾ ਨਿਭਾ ਰਹੇ ਸਨ । ਚਾਹ ਤੋਂ ਬਾਅਦ ਗਰੁੱਪ ਮੈਂਬਰਾਂ ਦੀ ਗਿਣਤੀ ਹੋਈ । ਟੈਂਟ ਅਤੇ ਸਲੀਪਿੰਗ ਬੈਗ ਅਲਾਟ ਕੀਤੇ ਗਏ । ਕੈਂਪ ਇੰਚਾਰਜ ਨੇ ਸਭ ਨੂੰ ਸਾਮੀਂ ਛੇ ਵਜੇ ਤੋਂ ਪਹਿਲਾਂ ਰੋਟੀ ਖਾ ਲੈਣ ਦੀ ਤਾਕੀਦ ਕੀਤੀ ਕਿਉਂਕਿ ਇੱਥੇ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਸੀ । ਕੈਂਪ ਲਈ ਪਾਣੀ ਵੀ ਕਿਸੇ ਦੂਰ ਦੀ ਕੂਲ੍ਹ ਤੋਂ ਪਾਈਪ ਰਾਹੀਂ ਪਹੁੰਚਾਇਆ ਗਿਆ ਸੀ । ਸ਼ਾਮ ਨੂੰ ਕੈਂਪ ਫਾਇਰ ਮੌਕੇ ਬਾਕੀ ਸਾਥੀਆਂ ਨਾਲ ਕੁਝ ਮਸਤੀ ਕੀਤੀ ਤੇ ਆਪੋ ਆਪਣੇ ਟੈਂਟਾਂ ਵਿੱਚ ਸਲੀਪਿੰਗ ਬੈਗ ਜਾ ਮੱਲੇ । ਅਗਲੀ ਦਿਨ ਤਿਲਗਨ ਤੋਂ ਅੱਗੇ ਸਾਡਾ ਪੜਾਅ ' ਸਰਾਤੂ ' ਨਾਂ ਦੇ ਸਥਾਨ ਤੇ ਸੀ , ਜੋ ਤਕਰੀਬਨ ਗਿਆਰਾਂ ਹਜ਼ਾਰ ਫੁੱਟ ਦੀ ਉਚਾਈ ਤੇ ਹੈ । ਸਵੇਰ ਦਾ ਖਾਣਾ ਖਾ ਤੇ ਦੁਪਹਿਰ ਨਾਲ ਟਿਫਨਾਂ ਵਿੱਚ ਪੁਆ ਅਸੀਂ ਸਰਾਤੂ ਨੂੰ ਚੱਲ ਪਏ । ਪਹਿਲੇ ਦੋ ਘੰਟੇ ਤਿੱਖੀ ਚੜ੍ਹਾਈ ਸੀ , ਪਰ ਵਿੱਚ ਵਿੱਚ ਮੈਦਾਨੀ ਰਸਤਾ ਵੀ ਆਇਆ । ਦੁਪਹਿਰ ਨੂੰ ਇੱਕ ਹਰੇ ਭਰੇ ਢਲਾਅਦਾਰ ਮੈਦਾਨ ਵਿੱਚ ਖਾਣਾ ਖਾਧਾ । ਫਿਰ ਪਥਰੀਲਾ ਰਸਤਾ ਸ਼ੁਰੂ ਹੋ ਗਿਆ ਅਤੇ ਘੰਟਾ ਕੁ ਪਥਰੀਲੇ ਰਸਤੇ ਤੇ ਚੱਲਣ ਤੋਂ ਬਾਅਦ ਤਿੰਨ ਕੁ ਵਜੇ ਅਸੀਂ ਸਰਾਤੂ ਪਹੁੰਚ ਗਏ । ਇਸ ਸਥਾਨ ਤੇ ਸਾਡਾ ਠਹਿਰਾਅ ਦੋ ਦਿਨ ਹੋਣਾ ਸੀ । ਕਿਉਂਕਿ ਵਿਚਕਾਰਲੇ ਦਿਨ ਅਸੀਂ ਹੰਪਤਾ ਪਾਸ (ਦੱਰੇ ) ਦੀ ਨੇੜਲੀ 13 ਹਜ਼ਾਰ ਫੁੱਟ ਉਚਾਈ ਵਾਲੀ ਪਹਾੜੀ ਚੋਟੀ ਦੇਵ ਟਿੱਬਾ ਜਿਸਨੂੰ ਸਥਾਨਕ ਭਾਸ਼ਾ ਵਿੱਚ ਦਿਓ ਟਿੱਬਾ ਕਿਹਾ ਜਾਂਦਾ ਹੈ , ਨੂੰ ਸਰ ਕਰਕੇ ਪਰਤਣਾ ਸੀ । ਬਿਜਲੀ ਦੀ ਵਿਵਸਥਾ ਇੱਥੇ ਵੀ ਨਹੀਂ ਸੀ ਸੋ ਪਾਵਰਬੈਂਕ ( ਜੇਬੀ ਚਾਰਜਰ ) ਨਾਲ ਮੋਬਾਇਲ ਚਾਰਜ ਕੀਤੇ । ਮੋਬਾਇਲ ਰੇਂਜ ਦਾ ਨਾਮੋ ਨਿਸ਼ਾਨ ਨਹੀਂ ਸੀ , ਸੋ ਮੋਬਾਇਲ ਫੋਨਾਂ ਨੇ ਇੱਥੇ ਕੈਮਰੇ ਅਤੇ ਵਾੱਕਮੈਨ ਸਟੀਰੀਓ ਦਾ ਕੰਮ ਸਾਰਨਾ ਸੀ । ਰਾਤ ਨੂੰ ਸਾਡੇ ਸਾਥੀ ਸੁਰਜੀਤ ਸਿੰਘ ਦੀ ਤਬੀਅਤ ਕੁਝ ਖਰਾਬ ਹੋ ਗਈ । ਸ਼ਾਇਦ ਆਕਸੀਜਨ ਦੀ ਕਮੀਂ ਕਾਰਨ ਅਜਿਹਾ ਹੋਇਆ ਸੀ । ਹਾਲਤ ਹੋਰ ਨਾ ਵਿਗੜੇ ਇਸ ਲਈ ਸਾਨੂੰ ਅਗਲੇ ਸਥਾਨ ਜੋਬਰੀ ਨਾਲਾ ਪਹੁੰਚਣਾ ਪੈਣਾ ਸੀ, ਜਿੱਥੇ  ਕਿ ਬਿਜਲੀ ਤੇ ਆਵਾਜਾਈ ਦੀ ਵਿਵਸਥਾ ਸੀ । ਸੋ ਸਾਡੀ ਦੇਵ ਟਿੱਬਾ ਸਰ ਕਰਨ ਦੀ ਇੱਛਾ ਮਨ ਵਿੱਚ ਹੀ ਰਹਿ ਗਈ । ਅਸੀਂ ਸਰਾਤੂ ਦੇ ਕੈਂਪ ਲੀਡਰ ਦੀ ਆਗਿਆ ਨਾਲ ਅੱਜ ਹੇਠਾਂ ਪਰਤ ਰਹੇ ਗਰੁੱਪ ਨੰਬਰ 20 ਵਿੱਚ ਸ਼ਾਮਲ ਹੋ ਗਏ । ਬਹੁਤ ਹੀ ਸੁੰਦਰ ਪਹਾੜੀ ਦ੍ਰਿਸ਼ਾਂ , ਝਰਨਿਆਂ ਦਾ ਅਨੰਦ ਲੈਂਦੇ ਹੋਏ ਅਸੀਂ ਦਿਨ ਖੜ੍ਹੇ ਹੀ ਜੋਬਰੀ ਨਾਲਾ ਜਾ ਪਹੁੰਚੇ । ਕੇਵਲ ਦੋ ਦਿਨ ਬਾਅਦ ਹੀ ਪੱਕੀ ਰਿਹਾਇਸ਼ ਤੇ ਬਿਜਲੀ ਦੀ ਸਹੂਲਤ ਮਿਲੀ ਸੀ ਤੇ ਮੋਬਾਇਲ ਨੇ ਰੇਂਜ ਫੜੀ ਸੀ, ਇੰਝ ਜਾਪਦਾ ਸੀ ਜਿਵੇਂ ਪਤਾ ਨਹੀਂ ਕੀ ਮਿਲ ਗਿਆ ਹੁੰਦਾ ਹੈ । ਇਹ ਸਥਾਨ ਮਨਾਲੀ ਨੇੜੇ ਬਣਾਏ ਗਏ ਇੱਕ ਨਿੱਜੀ ਪਣ ਬਿਜਲੀ ਯੋਜਨਾ ਕੌਸ਼ਾਲ ਡੈਮ ਰਸਤੇ ਤੇ ਹੈ ।  ਅਗਲੀ ਸਵੇਰ ਤੇਜ ਉਤਰਾਈ ਉਤਰਦੇ ਪ੍ਰੀਣੀ ਪਹੁੰਚੇ ਅਤੇ ਉੱਥੋਂ ਬੇਸ ਕੈਂਪ ਲਈ ਬੱਸ ਲੈ ਲਈ । ਬੇਸ ਕੈਂਪ ਪਹੁੰਚ ਜਾਰੀ ਕਰਵਾਏ ਬੈਗ ਵਾਪਸ ਕੀਤੇ ਅਤੇ ਆਪਣਾ ਸਮਾਨ ਅਤੇ ਟਰੈਕਿੰਗ ਸਫਲਤਾ ਪੂਰਬਕ ਪੂਰੀ ਕਰਨ ਦਾ ਸਰਟੀਫਿਕੇਟ ਲੈ ਮਨਾਲੀ ਵੱਲ ਨੂੰ ਚਾਲੇ ਪਾ ਦਿੱਤੇ ਜਿੱਥੋਂ ਅਗਲੇ ਦਿਨ ਰੂਪਨਗਰ ਲਈ ਬੱਸ ਬੁੱਕ ਸੀ ।

No comments:

Post a Comment