www.facebook.com/mrbhangooਜੂਨ ਦੀਆਂ ਛੁੱਟੀਆਂ ਦੌਰਾਨ ਪਿਛਲੇ ਕੁਝ ਸਾਲਾਂ ਤੋਂ ਭੀੜ ਭੜੱਕੇ ਵਾਲੀਆਂ ਪਹਾੜੀ ਸੈਰਗਾਹਾਂ ਨੂੰ ਦੀ ਥਾਂ ਕੁਦਰਤ ਦੇ ਅੰਗ ਸੰਗ ਟਰੈਕਿੰਗ ਦਾ ਪਾਲ਼ਿਆ ਸ਼ੌਂਕ ਭਾਵੇਂ ਇਸ ਵਰ੍ਹੇ ਕਾਇਮ ਨਹੀਂ ਰਹਿ ਸਕਿਆ । ਕਾਰਨ ਇਹ ਸੀ ਕਿ ਯੂਥ ਹੋਸਟਲਜ਼ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਉਲੀਕੇ ਜਾਣ ਵਾਲੇ ਨੇੜੇ ਤੇੜੇ ਦੇ ਸਾਰੇ ਟਰੈਕਿੰਗ ਪ੍ਰੋਗ੍ਰਾਮਾਂ ਦਾ ਹਿੱਸਾ ਪਹਿਲਾਂ ਹੀ ਬਣ ਚੁੱਕਿਆ ਸੀ ਅਤੇ ਦੂਜਾ ਇਸ ਵਾਰ ਪਹਿਲਾਂ ਵਾਗੂੰ ਅਗਾਊਂ ਪ੍ਰੋਗ੍ਰਾਮ ਨਹੀਂ ਸੀ ਬਣਾਇਆ ਜਾ ਸਕਿਆ । ਇਸ ਲਈ ਇਸ ਵਾਰ ਕਾਰ ਰਾਹੀਂ ਕਿਸੇ ਨਵੀਂ ਥਾਂ ਪਹੁੰਚ ਕੇ ਉੱਥੋਂ ਦੇ ਨੇੜੇ ਤੇੜੇ ਦੀ ਖੂਬਸੂਰਤੀ ਮਾਣਨ ਦਾ ਫੈਸਲਾ ਲਿਆ ਗਿਆ । ਇਹ ਫੈਸਲਾ ਉਦੋਂ ਹੋਰ ਵੀ ਖੂਬਸੂਰਤ ਹੋ ਨਿੱਬੜਿਆ ਜਦੋਂ ਮੇਰੇ ਸਾਥੀ ਗੁਰਪ੍ਰੀਤ ਸਿੰਘ ਹੀਰਾ ਦੇ ਪੁੱਤਰ ਸੁਖਰਾਜ ਹੀਰਾ ਨੇ ਗਰੇਟ ਹਿਮਾਲੀਅਨ ਨੈਸ਼ਨਲ ਪਾਰਕ ਦੀ ਦੱਸ ਪਾਈ । ਮੈਂ ਤੁਰੰਤ ਵੈੱਬਸਾਈਟ ਖੋਲ੍ਹ ਕੇ ਤੀਰਥਨ ਘਾਟੀ ਵਿੱਚ ਸਥਿਤ ਸਾਈਰੋਪਾ ਨਾਂ ਦੇ ਸਥਾਨ ਉੱਤੇ ਜੰਗਲਾਤ ਵਿਭਾਗ ਦੇ ਕੰਪਲੈਕਸ ਵਿੱਚ ਆਪਣੇ ਲਈ ਕਮਰਾ ਬੁੱਕ ਕਰ ਲਿਆ । ਗੁਰਪ੍ਰੀਤ ਹੀਰਾ ਦੇ ਆਪਣੇ ਪਰਿਵਾਰ ਸਮੇਤ ਜਾਣ ਕਾਰਨ ਮੈਂ ਆਪਣੇ ਨਾਲ ਦੋ ਮਿੱਤਰ ਕੁਲਵੀਰ ਸਿੰਘ ਕੰਧੋਲਾ ਅਤੇ ਸੁਰਜੀਤ ਸਿੰਘ ਤਿਆਰ ਕਰ ਲਏ । ਮਿੱਥੀ ਤਰੀਕ ਨੂੰ ਅਸੀਂ ਕਾਰ ਰਾਹੀਂ ਚਾਲੇ ਪਾ ਦਿੱਤੇ । ਤੀਰਥਨ ਘਾਟੀ ਜਾਣ ਲਈ ਮਨਾਲੀ ਜਾਣ ਵਾਲੀ ਸੜਕ 'ਤੇ ਪੈਂਦੀ ਸੁਰੰਗ ਮਨਾਲੀ ਦੁਆਰ ਤੋਂ ਐਨ ਪਹਿਲਾਂ ਸਿੱਧੀ ਜਾਂਦੀ ਹੈ , ਜਦੋਂ ਕਿ ਸੁਰੰਗ ਵਿੱਚ ਜਾਣ ਲਈ ਖੱਬੇ ਹੱਥ ਮੁੜਨਾ ਪੈਂਦਾ ਹੈ । ਲਗਪਗ ਦੋ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਲਾਰਜੀ ਡੈਮ ਪਾਰ ਕਰਕੇ ਸੱਜੇ ਹੱਥ ਦਾ ਰਾਹ ਤੀਰਥਨ ਘਾਟੀ ਜਿਸਨੂੰ ਵਣਜਾਰ ਘਾਟੀ ਵੀ ਕਿਹਾ ਜਾਂਦਾ ਹੈ ਨੂੰ ਜਾਂਦਾ ਹੈ । ਲਾਰਜੀ ਡੈਮ ਤੋਂ ਪਹਿਲਾਂ ਇਹ ਸੜਕ ਦੋ ਰਸਤਿਆਂ ਵਿੱਚ ਵੰਡ ਜਾਂਦੀ ਹੈ । ਖੱਬੇ ਹੱਥ ਸੈਂਜ਼ ਘਾਟੀ ਅਤੇ ਸੱਜੇ ਹੱਥ ਤੀਰਥਨ ਘਾਟੀ । ਸੋ ਅਸੀਂ ਸੱਜੇ ਹੱਥ ਨੂੰ ਹੋ ਤੀਰਥਨ ਘਾਟੀ ਦੇ ਰਾਹ ਪੈ ਗਏ । ਇੱਥੇ ਇਹ ਦੱਸਣਾ ਜਰੂਰੀ ਹੈ ਕਿ ਸਮੁੱਚੀ ਤੀਰਥਨ ਘਾਟੀ ਦੀਆਂ ਸੜਕਾਂ ਬਹੁਤ ਤੰਗ ਹਨ ਅਤੇ ਸਾਹਮਣਿਓਂ ਆਉਂਦੀ ਗੱਡੀ ਨੂੰ ਰਾਹ ਦੇਣ ਲਈ ਕਈ ਵਾਰ ਅੱਗੇ ਪਿੱਛੇ ਹੋਣਾ ਪੈਂਦਾ ਹੈ ਅਤੇ ਦੋ ਵੱਡੀਆਂ ਗੱਡੀਆਂ ਦੇ ਆਹਮਣੋਂ ਸਾਹਮਣੇ ਆਉਣ 'ਤੇ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ । ਤੀਰਥਨ ਘਾਟੀ ਦੇ ਪਹਿਲੇ ਵੱਡੇ ਕਸਬਾਨੁਮਾ ਪਿੰਡ ਮੰਗਲੌਰ ਵਿੱਚ ਅਸੀਂ ਵੀ ਜਾਮ ਵਿੱਚ ਫਸ ਗਏ ਅਤੇ ਜਾਮ ਵਿੱਚ ਘੰਟਾ ਕੁ ਲੱਗ ਜਾਣ ਮਗਰੋਂ ਅਸੀਂ ਫੈਸਲਾ ਕੀਤਾ ਕਿ ਅੱਜ ਦੀ ਰਾਤ ਵਣਜਾਰ ਜੋ ਕਿ ਇਸ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਤਹਿਸੀਲ ਵੀ ਹੈ, ਵਿਖੇ ਹੀ ਕੱਟੀ ਜਾਵੇਗੀ । ਸੋ ਇੱਕ ਸਸਤੇ ਅਤੇ ਟਿਕਾਊ ਕਿਸਮ ਦੇ ਹੋਟਲ ਵਿੱਚ ਜਾ ਡੇਰੇ ਲਾਏ । ਸਵੇਰ ਸਾਰ ਫੈਸਲਾ ਕੀਤਾ ਕਿ ਜੰਗਲਾਤ ਕੰਪਲੈਕਸ ਵਿੱਚ ਚੈੱਕ ਇਨ ਦਾ ਟਾਈਮ ਬਾਰਾਂ ਵਜੇ ਹੈ , ਇਸ ਲਈ ਵੰਜਾਰ ਤੋਂ ਵੀਹ ਬਾਈ ਕਿਲੋਮੀਟਰ ਦੂਰੀ 'ਤੇ ਪੈਂਦੇ ਜਲੌਰੀ ਦੱਰੇ ਵੱਲ ਕਿਉਂ ਨਾ ਜਾ ਆਇਆ ਜਾਵੇ । ਵਣਜਾਰ ਤੋਂ ਜਲੌਰੀ ਪਾਸ ਦਾ ਇਹ ਰਾਹ ਤੰਗ ਅਤੇ ਇੱਕਦਮ ਤਿੱਖਾ ਹੈ , ਉਂਝ ਸੜਕ ਵਧੀਆ ਬਣੀ ਹੋਈ ਹੈ । ਇਸ ਸੜਕ 'ਤੇ ਗੱਡੀ ਚਲਾਉਣਾ ਕਿਸੇ ਸਿਖਾਂਦਰੂ ਦੇ ਵੱਸੋਂ ਬਾਹਰ ਹੈ । ਪਰ ਸਾਡੇ ਪਰਪੱਕ ਸਾਰਥੀ ਕੁਲਵੀਰ ਸਿੰਘ ਕੰਧੋਲਾ ਨੇ ਇਹ ਜਿੰਮੇਵਾਰੀ ਬਾਖੂਬੀ ਨਿਭਾਈ । ਜਲੌਰ ਪਾਸ ਜੋ ਕਿ ਕਰੀਬ ਗਿਆਰਾਂ ਹਜ਼ਾਰ ਫੁੱਟ ਦੀ ਉਚਾਈ ਤੇ ਸਥਿਤ ਹੈ ਕੁੱਲੂ ਜ਼ਿਲ੍ਹੇ ਵਿੱਚ ਤੀਰਥਨ ਘਾਟੀ ਨੂੰ ਸ਼ਿਮਲਾ ਜ਼ਿਲ੍ਹੇ ਵਿੱਚ ਸਥਿਤ ਕਸਬੇ ਰਾਮਪੁਰ ਨਾਲ ਜੋੜਦਾ ਹੈ । ਸਰਦੀਆਂ ਵਿੱਚ ਏਥੇ ਖੂਬ ਬਰਫ ਪੈਂਦੀ ਹੈ ਅਤੇ ਗਰਮੀਆਂ ਵਿੱਚ ਵੀ ਮੌਸਮ ਬੇਹੱਦ ਠੰਢਾਂ ਹੁੰਦਾ ਹੈ । ਜਲੌਰ ਪਾਸ ਦਾ ਕੁਦਰਤੀ ਜਲੌਅ ਦੇਣ ਤੋਂ ਬਾਅਦ ਇੱਥੋਂ ਸਾਢੇ ਪੰਜ ਕਿਲੋਮੀਟਰ ਦੂਰੀ ਤੇ ਸਥਿਤ ਝੀਲ ਸਿਰੋਲਸਰ ਦੇਖਣ ਦਾ ਮਨ ਕਰ ਆਇਆ । ਇਸ ਝੀਲ ਤੱਕ ਪੈਦਲ ਰਸਤਾ ਘਣੇ ਜੰਗਲਾਂ ਵਿੱਚ ਹੋ ਕੇ ਜਾਂਦਾ ਹੈ । ਔਖਿਆਈ ਦੇ ਦਰਜੇ ਅਨੁਸਾਰ ਮੱਧਮ ਕਿਸਮ ਦਾ ਇਹ ਟ੍ਰੈਕ ਖੂਬਸੂਰਤ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਹੈ । ਚੰਗੀ ਗਿਣਤੀ ਵਿੱਚ ਜਲੌਰੀ ਪਾਸ ਦੇਖਣ ਵਾਲੇ ਸੈਲਾਨੀ ਇਸ ਝੀਲ ਨੂੰ ਦੇਖਣ ਜਾਂਦੇ ਹਨ , ਪਰ ਰਸਤਾ ਪੂਰਾ ਦਮ ਖਮ ਪਰਖਣ ਵਾਲਾ ਹੈ । ਸਾਡੇ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ , ਪਰ ਅਚਾਨਕ ਤੇਜ਼ ਮੀਂਹ ਆ ਜਾਣ ਕਾਰਨ ਅਸੀਂ ਮੁਸ਼ਕਿਲ ਵਿੱਚ ਫਸ ਗਏ ਕਿਉਂਕਿ ਮੀਂਹ ਤੋਂ ਬਚਾਅ ਲਈ ਕੁਝ ਵੀ ਅਸੀਂ ਨਾਲ ਨਹੀਂ ਸੀ ਲਿਆਏ ਅਤੇ ਸਾਡਾ ਸਾਰਾ ਸਮਾਨ ਗੱਡੀ ਵਿੱਚ ਪਿਆ ਸੀ । ਅਸੀਂ ਪੱਥਰਾਂ ਦੀ ਓਟ ਵਿੱਚ ਤੇਜ਼ ਮੀਂਹ ਤੋਂ ਬਚਣ ਦਾ ਯਤਨ ਕਰਦੇ ਅਤੇ ਮੀਂਹ ਮੱਠਾ ਪੈਣ 'ਤੇ ਅੱਗੇ ਤੁਰ ਪੈਂਦੇ । ਅਸੀਂ ਮਹਿਸੂਸ ਕੀਤਾ ਕਿ ਇੱਕ ਦਿਨ ਦਾ ਟ੍ਰੈੱਕ ਹੋਣ ਦੇ ਬਾਵਣੂਦ ਇਸ ਟ੍ਰੈੱਕ ਤੇ ਚੱਲਣ ਲਈ ਮੀਂਹ ਪਾਣੀ ਤੋਂ ਬਚਾਅ ਦੇ ਸਾਧਨ ਨਾਲ ਲੈ ਕੇ ਚੱਲਣਾਂ ਜਰੂਰੀ ਹੈ ਅਜੇ ਅੱਧ ਕੁ ਰਾਹ ਹੀ ਪਾਰ ਕੀਤਾ ਸੀ ਕਿ ਮੀਂਹ ਦੇ ਨਾਲ ਬਰੀਕ ਗੜ੍ਹੇਮਾਰੀ ਸ਼ੁਰੂ ਹੋ ਗਈ । ਰਸਤੇ ਵਿੱਚ ਦੋ ਕੁ ਕਿਲੋਮੀਟਰ ਦੀ ਵਿੱਥ 'ਤੇ ਚਾਹ - ਮੈਗੀ ਦੇ ਤੰਬੂਨੁਮਾਂ ਸਟਾਲਾਂ ਵਿੱਚ ਸ਼ਰਨ ਲਈ ਆਖਰ ਦੋ ਕੁ ਘੰਟੇ ਬਾਅਦ ਅਸੀਂ ਝੀਲ ਦੇ ਐਨ ਕੋਲ ਪਹੁੰਚ ਗਏ 'ਪਰ ਮੀਂਹ ਅਤੇ ਗੜ੍ਹੇਮਾਰੀ ਹੋਰ ਤੇਜ਼ ਹੋ ਗਈ । ਚੰਗੀ ਕਿਸਮਤ ਨੂੰ ਇੱਕ ਚਾਹ ਵਾਲੀ ਸਟਾਲ ਕੋਲ ਟੈਂਟ ਲੱਗੇ ਹੋਏ ਸਨ , ਸੋ ਟੈਂਟ ਵਿੱਚ ਸ਼ਰਨ ਲਈ ਅਤੇ ਇੱਕ ਘੰਟੇ ਦੇ ਕਰੀਬ ਸਮਾਂ ਬਿਤਾਇਆ । ਇਹ ਟੈਂਟ ਇੱਥੇ ਰਾਤ ਕੱਟਣ ਆਏ ਸੈਲਾਨੀਆਂ ਲਈ ਲਗਾਏ ਹੋਏ ਹਨ , ਜੋ ਕਿ ਹਜ਼ਾਰ ਤੋਂ ਤਿੰਨ ਹਜਾਰ ਤੱਕ ਇੱਕ ਰਾਤ ਲਈ ਕਿਰਾਏ 'ਤੇ ਮਿਲ ਜਾਂਦੇ ਹਨ । ਮੀਂਹ ਮੱਧਮ ਹੋਣ 'ਤੇ ਅਸੀਂ ਝੀਲ ਕੋਲ ਜਾ ਪੁੱਜੇ । ਝੀਲ ਦਾ ਪਾਣੀ ਐਨਾ ਸਾਫ ਹੈ ਕਿ ਲੋਕਾਂ ਦੇ ਦੱਸਣ ਅਨੁਸਾਰ ਕਿ ਅਜੇ ਤੱਕ ਇਸ ਝੀਲ ਦੇ ਪਾਣੀ ਦੀ ਡੂੰਘਾਈ ਨੂੰ ਮਾਪਿਆ ਨਹੀਂ ਜਾ ਸਕਿਆ , ਦੇ ਬਾਵਯੂਦ ਝੀਲ ਦਾ ਤਲ ਦੂਰ ਤੱਕ ਨਜ਼ਰ ਆ ਰਿਹਾ ਸੀ । ਝੀਲ ਦੇ ਕਿਨਾਰੇ ਬੁੱਢੀ ਨਾਗਿਨ ਦੇਵੀ ਦਾ ਮੰਦਿਰ ਬਣਿਆਂ ਹੋਇਆ ਹੈ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਪਹੁੰਚਦੇ ਹਨ । ਲੋਕਾਂ ਦਾ ਇਹ ਵੀ ਮੱਤ ਹੈ ਬੁੱਢੀ ਨਾਗਿਨ ਝੀਲ ਦੇ ਡੂੰਘੇ ਕੇਂਦਰ ਅੰਦਰ ਬਣੇ ਸੋਨੇ ਦੇ ਗ੍ਰਹਿ ਵਿੱਚ ਨਿਵਾਸ ਕਰਦੀ ਹੈ । ਕਰੀਬ ਸਾਢੇ ਦਸ ਹਜ਼ਾਰ ਫੁੱਟ ਦੀ ਉਚਾਈ 'ਤੇ ਬਣੀ ਇਸ ਗੋਲਾਕਾਰ ਝੀਲ ਦੇ ਪਾਣੀ ਬਾਰੇ ਲੋਕਾਂ ਦਾ ਮੱਤ ਹੈ ਕਿ ਇਸ ਨਾਲ ਨਹਾਉਣ ਨਾਲ ਅਨੇਕਾਂ ਰੋਗ ਦੂਰ ਹੋ ਜਾਂਦੇ ਹਨ । ਪਰ ਕਿਸੇ ਨੂੰ ਵੀ ਝੀæਲ ਵਿੱਚ ਵੜ ਕੇ ਨਹਾਉਣ ਦੀ ਆਗਿਆ ਨਹੀਂ , ਉਂਝ ਬਾਲਟੀ ਵਿੱਚ ਪਾਣੀ ਭਰ ਕੇ ਨਿਸ਼ਚਿਤ ਸਥਾਨ ਉੱਤੇ ਜਾ ਕੇ ਨਹਾਇਆ ਜਾ ਸਕਦਾ ਹੈ । ਸਰਦੀਆਂ ਵਿੱਚ ਇਸ ਥਾਂ ਸੱਤ ਅੱਠ ਫੁੱਟ ਦੇ ਕਰੀਬ ਬਰਫ ਪੈਂਦੀ ਹੈ ਅਤੇ ਝੀਲ ਜੰਮ ਜਾਂਦੀ ਹੈ । ਖੈਰ ਮੀਂਹ ਦੇ ਕੁਝ ਸਮਾਂ ਦੇਣ ਕਾਰਨ ਅਸੀਂ ਝੀਲ ਅਤੇ ਉਸਦੇ ਆਲੇ ਦੁਆਲੇ ਦੀ ਖੂਬਸੂਰਤੀ ਨੂੰ ਮਾਣਿਆਂ ਅਤੇ ਆਪਣੇ ਮੋਬਾਇਲ ਕੈਮਰਿਆਂ ਵਿੱਚ ਕੈਦ ਕੀਤਾ । ਮੀਂਹ ਫੇਰ ਸ਼ੁਰੂ ਹੋ ਗਿਆ ਅਤੇ ਅਸੀਂ ਆਪਣੀ ਵਾਪਸੀ ਦੇ ਰਾਹ ਜਲੌਰੀ ਪਾਸ ਨੂੰ ਚੱਲ ਪਏ ਕਿਉਂਕਿ ਸ਼ਾਮ ਪੈਣ ਤੋਂ ਪਹਿਲਾਂ ਸ਼ਾਈਰੋਪਾ ਆਪਣੀ ਜੰਗਲਾਤ ਵਿਭਾਗ ਦੀ ਠਹਿਰ ਵਿੱਚ ਪੁੱਜਣਾ ਸੀ । ਪਰ ਮੀਂਹ ਲਗਾਤਾਰ ਪੈਂਦਾ ਰਹਿਣ ਕਾਰਨ ਵਾਪਸੀ ਦਾ ਰਾਹ ਸੌਖਾ ਨਹੀਂ ਸੀ । ਕੁੱਲੂ ਤੋਂ ਜਲਦੀ ਜਲਦੀ ਚੱਲ ਕੇ ਇੱਕੋ ਦਿਨ ਵਿੱਚ ਇਸ ਝੀਲ ਦਾ ਟ੍ਰੈੱਕ ਮੁਕੰਮਲ ਕਰਕੇ ਉਸੇ ਦਿਨ ਵਾਪਸ ਵੀ ਪਰਤਿਆ ਜਾ ਸਕਦਾ ਹੈ । ਜਲੌਰੀ ਪਾਸ ਤੋਂ ਇਲਾਵਾ ਸ਼ੋਜ਼ਾ ਤੋਂ ਵੀ ਟ੍ਰੈੱਕ ਕਰਕੇ ਇਸ ਥਾਂ ਉੱਤੇ ਪਹੁੰਚਿਆ ਜਾ ਸਕਦਾ ਹੈ । ਉੱਝ ਜੇਕਰ ਝੀਲ ਦੇ ਨੇੜੇ ਜੰਗਲ ਵਿੱਚ ਟੈਂਟਾਂ ਵਿੱਚ ਰਾਤ ਬਿਤਾਈ ਜਾਵੇ ਤਾਂ ਉਸ ਦਾ ਨਜ਼ਾਰਾ ਵੱਖਰਾ ਹੀ ਹੋਵੇਗਾ । ਅਸੀਂ ਵਾਪਸੀ ਦੇ ਰਾਹ ਮੀਂਹ ਦੇ ਛਰਾਟਿਆਂ ਵਿੱਚ ਕਾਦਰ ਦੀ ਕੁਦਰਤ ਦਾ ਸਤਿਕਾਰ ਕਰਦੇ ਜਲੌਰੀ ਪਾਸ 'ਤੇ ਪੁੱਜੇ ਅਤੇ ਅਗਲੇ ਦੋ ਦਿਨਾਂ ਦੌਰਾਨ ਫਲਾਂ ਦੇ ਨਾਲ ਲੱਦੇ ਫਲਦਾਰ ਰੁੱਖਾਂ ਅਤੇ ਤੀਰਥਨ ਦਰਿਆ ਦੇ ਕੰਢੇ ਸੰਘਣੀ ਵਸੋਂ ਵਾਲੀ ਘਾਟੀ ਵਿੱਚ ਗਰੇਟ ਹਿਮਾਲੀਅਨ ਨੈਸ਼ਨਲ ਪਾਰਕ ਜੋ ਕਿ ਵਿਸ਼ਵ ਧਰੋਹਰ ਹੈ , ਵਿਚਲੇ ਝਰਨਿਆਂ ਕੁਦਰਤੀ ਦ੍ਰਿਸ਼ਾਂ ਨੂੰ ਨੇੜਿਓਂ ਤੱਕਿਆ । ਇੱਥੇ ਇਹ ਦੱਸਣਾ ਜਰੂਰੀ ਬਣਦਾ ਹੈ ਕਿ ਨੈਸ਼ਨਲ ਪਾਰਕ ਅੰਦਰ ਜਾਣ ਲਈ ਜੰਗਲਾਤ ਵਿਭਾਗ ਤੋਂ ਪ੍ਰਵਾਨਗੀ ਲੈਣੀ ਹੁੰਦੀ ਹੈ ਅਤੇ ਗਾਈਡ ਦਾ ਤੁਹਾਡੇ ਨਾਲ ਹੋਣਾ ਲਾਜ਼ਮੀ ਹੈ । ਅਸੀਂ ਵੀ ਤੀਰਥਨ ਦਰਿਆ ਦੇ ਕੰਢੇ ਬਹਿ ਇਸਦੀਆਂ ਛੱਲਾਂ ਨਾਲ ਗੱਲਾਂ ਕੀਤੀਆਂ । ਫੇਰ ਕਦੇ ਮੁੜ ਇਸ ਜਗ੍ਹਾ ਆਉਣ ਦੇ ਅਹਿਦ ਨਾਲ ਵਾਪਸੀ ਪਾ ਦਿੱਤੀ ।
Friday, June 14, 2019
Subscribe to:
Comments (Atom)



