Saturday, November 14, 2009

ਕੁਝ ਭੰਗੂ ਗੋਤ ਬਾਰੇ... ਧਰਮਿੰਦਰ ਭੰਗੂ

ਭੰਗੂ : ਭੰਗੂ ਬੰਸ ਦਾ ਮੋਢੀ ਭੰਗੂ ਸੀ। ਭੰਗਾਲ ਅਤੇ ਭਾਗੂ ਵੀ ਇਸੇ ਭਾਈਚਾਰੇ ਵਿਚੋਂ ਹਨ। ਇਹ ਸਿੰਧ ਤੋਂ ਪੰਜਾਬ ਵਿੱਚ ਆਏ ਹਨ। ਇਹ ਸਿਕੰਦਰ ਦੇ ਹਮਲੇ ਸਮੇਂ ਪੰਜਾਬ ਵਿੱਚ ਸਨ। ਜਦੋਂ ਅਰਬਾਂ ਨੇ ਸਿੰਧ ਤੇ ਹਮਲਾ ਕੀਤਾ ਤਾਂ ਸਿਵੀਸਤਾਨ ਦੇ ਖੇਤਰ ਵਿੱਚ ਭੰਗੂ ਦਾ ਪੋਤਾ ਕਾਕਾ ਰਾਜ ਕਰ ਰਿਹਾ ਸੀ। ਕਾਕੇ ਨੇ ਰਾਜੇ ਦਾਹਿਰ ਦੇ ਵਿਰੁੱਧ ਅਰਬਾਂ ਦਾ ਸਾਥ ਦਿੱਤਾ ਕਿਉਂਕਿ ਬਹੁਤੇ ਜੱਟ ਕਬੀਲੇ ਰਾਜੇ ਦਾਹਿਰ ਦੇ ਸਲੂਕ ਤੋਂ ਤੰਗ ਸਨ। ਮੁਹੰਮਦ ਬਿਨ ਕਾਸਮ ਨੇ ਇਸ ਫੁਟ ਤੋਂ ਫ਼ਾਇਦਾ ਉਠਾ ਕੇ ਕਈ ਜੱਟ ਕਬੀਲਿਆਂ ਦੇ ਮੁਖੀਆਂ ਨੂੰ ਆਪਣੇ ਵੱਲ ਕਰ ਲਿਆ ਸੀ। ਇਸ ਲੜਾਈ ਵਿੱਚ ਮੁਹੰਮਦ ਬਿਨ ਕਾਸਮ ਤੋਂ ਰਾਜਾ ਦਾਹਿਰ ਬੁਰੀ ਤਰ੍ਹਾਂ ਹਾਰ ਗਿਆ ਸੀ। ਉਸ ਦਾ ਲੜਕਾ ਜੈ ਸਿੰਘ ਮੁਸਲਮਾਨ ਬਣ ਗਿਆ ਸੀ। ਉਸ ਦੀ ਰਾਣੀ ਤੇ ਉਸ ਦੀਆਂ ਦੋ ਪੁੱਤਰੀਆਂ ਨੂੰ ਕੈਦ ਕਰ ਲਿਆ ਸੀ। ਪਹਿਲਾਂ ਪਹਿਲ ਭੰਗੂ ਭਾਈਚਾਰੇ ਦੇ ਲੋਕ ਸਿੰਧ ਤੋਂ ਉੱਠ ਕੇ ਸ਼ੋਰ ਕੋਟ ਤੇ ਝੰਗ ਦੇ ਖੇਤਰ ਵਿੱਚ ਆਏ। ਕੁਝ ਭੰਗੂ ਸਿਆਲਕੋਟ ਤੇ ਮਿੰਟਗੁੰਮਰੀ ਦੇ ਖੇਤਰਾਂ ਵੱਲ ਚਲੇ ਗਏ ਸਨ। ਭੰਗੂ ਗੋਤ ਦਾ ਰਾਜਪੂਤਾਂ ਨਾਲ ਕੋਈ ਸੰਬੰਧ ਨਹੀਂ ਸਗੋਂ ਇਨ੍ਹਾਂ ਦੀਆਂ ਪੰਵਾਰ ਰਾਜਪੂਤਾਂ ਦੀ ਸ਼ਾਖ ਸਿਆਲਾਂ ਨਾਲ ਬਹੁਤ ਲੜਾਈਆਂ ਹੋਈਆਂ। ਸਿਆਲਾਂ ਤੋਂ ਤੰਗ ਆ ਕੇ ਹੀ ਭੰਗੂ ਮਾਝੇ ਤੇ ਮਾਲਵੇ ਵੱਲ ਆ ਗਏ ਸਨ। ਕੁਝ ਘੱਗਰ ਤੋਂ ਪਾਰ ਸਰਸੇ ਦੇ ਖੇਤਰ ਵਿੱਚ ਵੀ ਚਲੇ ਗਏ। ਕੁਝ ਇਤਿਹਾਸਕਾਰ ਭੰਗੂਆਂ ਨੂੰ ਨੇਪਾਲ ਤੋਂ ਆਏ ਹੋਏ ਸਮਝਦੇ ਹਨ। ਇਹ ਵਿਚਾਰ ਗ਼ਲਤ ਹੈ। ਲੁਧਿਆਣੇ ਦੇ ਇਲਾਕੇ ਵਿੱਚ ਵੀ ਭੰਗੂ ਭਾਈਚਾਰੇ ਦੇ ਕਈ ਪਿੰਡ ਹਨ। ਭੰਗੂਆਂ ਦਾ ਪ੍ਰਸਿੱਧ ਪਿੰਡ ਭੜੀ ਲੁਧਿਆਣੇ ਜ਼ਿਲ੍ਹੇ ਵਿੱਚ ਖੰਨੇ ਦੇ ਨਜ਼ਦੀਕ ਹੀ ਹੈ। 1763 ਈਸਵੀਂ ਵਿੱਚ ਜਦੋਂ ਸਿੱਖਾਂ ਨੇ ਸਰਹੰਦ ਦਾ ਇਲਾਕਾ ਫਤਿਹ ਕੀਤਾ ਸੀ ਤਾਂ ਮਹਿਤਾਬ ਸਿੰਘ ਭੰਗੂ ਦੀ ਵੰਡ ਵਿੱਚ ਭੜਤੀ ਤੇ ਕੋਟਲਾ ਆਦਿ ਪਿੰਡ ਆਏ। ਇਸ ਲਈ ਇਸ ਦੀ ਬੰਸ ਅੰਮ੍ਰਿਤਸਰ ਦਾ ਇਲਾਕਾ ਛੱਡ ਕੇ ਇਸ ਪਿੰਡ ਵਿੱਚ ਆ ਗਈ। ਪ੍ਰਾਚੀਨ ਪੰਥ ਪ੍ਰਕਾਸ਼ ਦਾ ਲੇਖਕ ਰਤਨ ਸਿੰਘ ਭੰਗੂ ਇਸ ਭਾਈਚਾਰੇ ਵਿਚੋਂ ਹੀ ਸੀ। ਕੁਝ ਭੰਗੂ ਪਿੰਡ ਡੱਲਾ ਜ਼ਿਲ੍ਹਾ ਰੋਪੜ ਵਿੱਚ ਵੀ ਵੱਸਦੇ ਹਨ। ਇਤਿਹਾਸਕ ਕਸਬਾ ਚਮਕੌਰ ਸਾਹਿਬ ਦੇ ਨੇੜੇ ਭੰਗੂਆਂ ਦੇ ਸੱਤ ਪਿੰਡ ਹਵਾਰਾ ਕਲਾਂ, ਕਾਲੇਮਾਜਰਾ, ਬਦੇਸ਼ ਕਲਾਂ, ਚੂਹੜ ਮਾਜਰਾ, ਬਰਸਾਲਪੁਰ, ਰੁੜਕੀ ਹੀਰਾਂ ਤੇ ਭੂਰੜੇ ਹਨ./ ਭੰਗੂ ਗੋਤ ਤ੍ਰਖਾਣਾਂ ਦਾ ਵੀ ਹੁੰਦਾ ਹੈ। ਸਪਰੇ ਜੱਟ ਵੀ ਰਾਏ ਤੇ ਭੰਗੂ ਆਦਿ ਭਾਈਚਾਰੇ ਦੇ ਵਾਂਗ ਪਹਿਲਾਂ ਸਿੰਧ ਵਿੱਚ ਆਬਾਦ ਸਨ। ਮੁਹੰਮਦ ਬਿਨ ਕਾਸਿਮ ਦੇ ਹਮਲੇ 712 ਈਸਵੀਂ ਤੋਂ ਮਗਰੋਂ ਪੰਜਾਬ ਵਿੱਚ ਆਏ। ਸਪਰੇ ਜੱਟ ਵੀ ਹਨ ਅਤੇ ਅਰੋੜੇ ਖੱਤਰੀ ਵੀ ਹਨ। ਇਹ ਸਿੰਧ ਦੇ ਅਲਰੋੜ ਨਗਰ ਵਿੱਚ ਵੱਸਦੇ ਸਨ। ਪੰਜਾਬ ਵਿੱਚ ਭੰਗੂ ਨਾਮ ਦੇ ਕਈ ਪਿੰਡ ਹਨ। ਸਰਸੇ ਦੇ ਖੇਤਰ ਵਿੱਚ ਵੀ ਇੱਕ ਪਿੰਡ ਦਾ ਨਾਮ ਭੰਗੂ ਹੈ। ਪਟਿਅਆਲਾ, ਸੰਗਰੂਰ, ਲੁਧਿਆਣਾ, ਬਠਿੰਡਾ, ਜਲੰਧਰ ਅਤੇ ਰੋਪੜ ਖੇਤਰਾਂ ਵਿੱਚ ਵੀ ਭੰਗੂ ਗੋਤ ਦੇ ਜੱਟ ਕਾਫ਼ੀ ਆਬਾਦ ਹਨ। ਇਹ ਬਹੁਤੇ ਦੁਆਬੇ ਵਿੱਚ ਹੀ ਹਨ। ਪੱਛਮੀ ਪੰਜਾਬ ਵਿੱਚ ਭੰਗੂ ਝੰਗ ਤੇ ਸ਼ੋਰਕੋਟ ਤੋਂ ਉਜੜ ਕੇ ਪਿੰਡ ਭੱਟੀਆਂ ਜਲਾਲਪੁਰ ਤੇ ਪਰਾਨੇਕੇ ਆਦਿ ਪਿੰਡਾਂ ਵਿੱਚ ਆ ਗਏ ਸਨ। ਪੱਛਮੀ ਪੰਜਾਬ ਵਿੱਚ ਕੁਝ ਭੰਗੂ ਮੁਸਲਮਾਨ ਵੀ ਬਣ ਗਏ ਸਨ। ਪੰਜਾਬ ਵਿੱਚ ਭੰਗੂ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ। ਇਸ ਭਾਈਚਾਰੇ ਦੇ ਬਹੁਤੇ ਲੋਕ ਜੱਟ ਸਿੱਖ ਹੀ ਹਨ। ਜੱਟਾਂ, ਅਰੋੜੇ, ਖੱਤਰੀਆਂ ਤੇ ਤ੍ਰਖਾਣਾਂ ਦੇ ਕਈ ਗੋਤ ਰਲਦੇ ਹਨ। ਸਭ ਦਾ ਪਿਛੋਕੜ ਸਾਂਝਾ ਹੈ। ਸਭ ਮੱਧ ਏਸ਼ੀਆ ਤੋਂ ਆਏ ਹਨ। ਕੈਪਟਨ ਦਲੀਪ ਸਿੰਘ ਅਹਲਾਵਤ ਆਪਣੀ ਪੁਸਤਕ 'ਜਾਟ ਵੀਰੋਂ ਕਾ ਇਤਿਹਾਸ' ਪੰਨਾ ?305 ਉੱਤੇ ਲਿਖਦਾ ਹੈ ਕਿ ਭੰਗੂ ਤੇ ਭਰੰਗਰ ਇਕੋ ਗੋਤ ਹੈ। ਇਹ ਨਾਗਬੰਸੀ ਜੱਟ ਹਨ। ਪੰਜਾਬ ਦੇ ਸਾਰੇ ਭੰਗੂ ਸਿੱਖ ਹਨ। ਉੱਤਰ ਪ੍ਰਦੇਸ਼ ਦੇ ਮੱਥਰਾ ਖੇਤਰ ਵਿੱਚ ਭੰਗੂ ਅਥਵਾ ਭਰੰਗਰ ਗੋਤ ਦੇ ਹਿੰਦੂ ਜਾਟਾਂ ਦੇ 40 ਪਿੰਡ ਹਨ। ਵੱਖ ਵੱਖ ਖੇਤਰਾਂ ਵਿੱਚ ਭੰਗੂ ਗੋਤ ਦੇ ਉਚਾਰਨ ਵਿੱਚ ਕਾਫ਼ੀ ਅੰਤਰ ਹੈ। ਇਹ ਸਾਰੇ ਇਕੋ ਬੰਸ ਵਿਚੋਂ ਹਨ। ਕਈ ਵਾਰ ਮੂਲ ਸ਼ਬਦ ਤੱਤਭਵ ਵਿੱਚ ਬਦਲ ਕੇ ਕਾਫ਼ੀ ਬਦਲ ਜਾਂਦਾ ਹੈ। ਭੰਗੂ ਦਲਿਤ ਜਾਤੀਆਂ ਵਿੱਚ ਵੀ ਹਨ। ਬੋਧ ਕਾਲ ਵਿੱਚ ਬਹੁਤ ਜੱਟ ਕਬੀਲੇ ਬੋਧੀ ਬਣ ਗਏ ਸਨ। ਜੱਟ, ਹਿੰਦੂ, ਮੁਸਲਿਮ, ਸਿੱਖ, ਇਸਾਈ, ਬਿਸ਼ਨੋਈ ਆਦਿ ਕਈ ਧਰਮਾਂ ਵਿੱਚ ਵੰਡੇ ਗਏ ਹਨ। ਪਰ ਖ਼ੂਨ ਦੀ ਸਾਂਝ ਅਜੇ ਵੀ ਹੈ। ਜੱਟ ਮਹਾਨ ਜਾਤੀ ਹੈ। ਮੱਸੇ ਰੰਘੜ ਦਾ ਸਿਰ ਭੰਗੂ ਜੱਟ ਮਹਿਤਾਬ ਸਿੰਘ ਮੀਰਾਂ ਕੋਟੀਏ ਨੇ ਵੱਢ ਕੇ ਦੁਸ਼ਮਣ ਤੋਂ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ। ਉਹ ਮਹਾਨ ਸੂਰਬੀਰ ਜੋਧਾ ਸੀ। ਭੰਗੂ ਜੱਟਾਂ ਦਾ ਛੋਟਾ ਤੇ ਉੱਘਾ ਗੋਤ ਹੈ।

Saturday, September 19, 2009

ਤਿੜਕੇ ਹੋਏ ਸ਼ੀਸ਼ੇ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ

ਇੱਕ ਸਾਹਿਤ ਸਭਾ ਦੇ ਸਾਲਾਨਾ ਸਮਾਗਮ ਦੌਰਾਨ ਕਵੀ ਦਰਬਾਰ ਚੱਲ ਰਿਹਾ ਸੀ . 'ਨਾਮਵਰ' ਕਵੀ ਆਪੋ - ਆਪਣੀਆਂ ਰਚਨਾਵਾਂ ਸੁਣਾ ਰਹੇ ਸਨ ਤੇ ਸਰੋਤੇ ਕਵੀਜਨਾਂ ਦੀਆਂ ਰਚਨਾਵਾਂ ਤੇ ਖ਼ਿਆਲਾਂ 'ਤੇ ਅਸ਼ - ਅਸ਼ ਕਰ ਰਹੇ ਸਨ . ਪਰ ... ਤਦੇ ਹੀ ਇੱਕ ' ਵਿਦਵਾਨ ' ਆਲੋਚਕ ਸਾਹਿਬਾਨ ਕਵੀ ਦਰਬਾਰ ਵਿੱਚ ਆਣ ਪਧਾਰੇ . ਕਵਿਤਾਵਾਂ ਦਾ ਚੱਲ ਰਿਹਾ ਅਖੰਡ ਪਾਠ ਜਿਵੇਂ ਖੰਡਿਤ ਹੋ ਗਿਆ . 'ਨਾਮਵਰ ' ਕਵੀ ਜਨ ਹੁਣ ਆਲੋਚਕ ਦੀ ਜੀ - ਹਜ਼ੂਰੀ ਕਰ ਰਹੇ ਸਨ . ਮੰਚ 'ਤੇ ਕਵਿਤਾ ਸੁਣਾ ਰਹੇ ਕਵੀ ਦੀ ਆਵਾਜ਼ ਇੱਕ 'ਸਾਹਿਤਕ ਸੂਝ' ਵਾਲੇ ਸ਼ੋਰ ਵਿੱਚ ਦਬ ਚੁੱਕੀ ਸੀ . ...............................ਤੇ ਮੈਨੂੰ ਇੰਝ ਜਾਪ ਰਿਹਾ ਸੀ ਜਿਵੇਂ ਸਮਾਜ ਨੂੰ ਉਸਦੀ ਅਸਲੀ ਤਸਵੀਰ ਵਿਖਾਉਣ ਵਾਲੇ ਸ਼ੀਸ਼ੇ ਤਿੜਕ ਗਏ ਹੋਣ

Thursday, September 10, 2009

ਸ਼ੇਅਰ

ਕਿਸੇ ਨੂੰ ਆਖ ਦੇਣਾ ਭੁੱਲ ਜਾ, ਸੌਖਾ ਤਾਂ ਹੁੰਦਾ ਹੈ.,...ਕਿਸੇ ਨੂੰ ਭੁੱਲ ਜਾਣਾ ਪਰ ਸਦਾ ਆਸਾਨ ਨਹੀਂ ਹੁੰਦਾ../

Sunday, September 6, 2009

ਲੋਕਤੰਤਰ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ

ਇਕ ਦੇਸ ਵਿਚ ਇਕ ਰਾਜਾ ਰਾਜ ਕਰਦਾ ਸੀ । ਸਾਰੇ ਸੰਸਾਰ ਵਿਚ ਰਾਜਤੰਤਰ ਦੇ ਖਿਲਾਫ ਹੋਈਆਂ ਬਗਾਵਤਾਂ ਤੋਂ ਬਾਅਦ ਉਸ ਦੇਸ ਦੇ ਲੋਕ ਵੀ ਜਾਗ ਉੱਠੇ ਤੇ ਰਾਜੇ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ । ਉਸ ਦੇਸ ਵਿਚ ਲੋਕਤੰਤਰ ਕਾਇਮ ਹੋ ਗਿਆ । ਪਰ ਲੋਕਤੰਤਰ ਦੇ ਵੋਟਤੰਤਰ ਵਿਚ ਵੀ ਉਹ ਰਾਜਾ ਮਹਾਂਰਥੀ ਨਿਕਲਿਆ ਤੇ ਦੇਸ ਦੇ ਪ੍ਰਮੁੱਖ ਅਹੁਦੇ ਤੇ ਬਿਰਾਜਮਾਨ ਹੋ ਗਿਆ । ਜਦੋਂ ਉਹ ਰਾਜਾ ਬੁੱਢਾ ਹੋ ਗਿਆ ਤਾਂ ਉਸਨੇ ਆਪਣੇ ਪੁੱਤਰ ਨੂੰ ਰਾਜਨੀਤੀ ਵਿਚ ਸਰਗਰਮ ਕਰ ਦਿਂਤਾ । ਉਸ ਰਾਜੇ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਵੀ ਪ੍ਰਮੁੱਖ ਅਹੁਦੇ ਤੇ ਸਜਣ ਵਿਚ ਕਾਮਯਾਬ ਹੋ ਗਿਆ । ਸਮਾਂ ਆਪਣੀ ਚਾਲੇ ਚਲ ਰਿਹਾ ਸੀ । ਦੇਸ ਦੇ ਲੋਕਾਂ ਨੂੰ ਦੇਸ ਵਿਚਲੇ ਲੋਕਤੰਤਰ ਉਂਤੇ ਮਾਣ ਸੀ..... ਤੇ ਰਾਜ ਪਰਿਵਾਰ ਨੂੰ ਆਪਣੀ ਰਾਜਨੀਤਕ ਸੂਝ 'ਤੇ ।

ਰਚਨਾ:- ਧਰਮਿੰਦਰ ਭੰਗੂ ਕਾਲੇਮਾਜਰਾ

ਆਪਣੇ ਆਪ ਨੂੰ ਸੀਮਤ ਨਾ ਕਰ, ਆਪਣਾ ਕੁਝ ਵਿਸਥਾਰ ਵੀ ਕਰ
ਚਰਚਾ ਚਿੰਤਨ ਠੀਕ ਨੇ ਤੇਰੇ, ਵਕਤ ਮਿਲੇ ਤਾਂ ਪਿਆਰ ਵੀ ਕਰ
ਜ਼ਿੰਦਗੀ ਦੀ ਰਫ਼ਤਾਰ ਤੇਜ਼ ਹੈ, ਰੁਝਿਆ ਹੋਇਐ ਹਰ ਬੰਦਾ ਹੀ,
ਚਾਹੇ ਰਾਹੇ ਜਾਂਦਾ ਹੀ ਸਹੀ, ਲਿਆ ਸੱਜਣਾ ਦੀ ਸਾਰ ਵੀ ਕਰ
ਅਕਲਮੰਦ ਤੇ ਦਾਨਿਸ਼ਵਰ ਹੈਂ,ਤਾਂ ਘਰ ਅੰਦਰ ਨਾ ਦੀਵੇ ਬਾਲ਼,
ਚਾਨਣ ਲੈ ਕੇ ਬਾਹਰ ਨਿਕਲ,ਤੇ ਦੁਨੀਆਂ ਨੂੰ ਸ਼ਰਸ਼ਾਰ ਵੀ ਕਰ
ਜਿੱਤਣ ਦਾ ਤੂੰ ਆਦੀ ਬੇਸ਼ੱਕ, ਇਹ ਇਸ਼ਕ 'ਚ ਆਦਤ ਨਹੀਂ ਚੱਲਣੀ,
ਇਸ਼ਕ 'ਚ ਜੇ ਤੂੰ ਜਿੱਤਣਾ ਚਾਹੇਂ, ਯਾਰ ਤੋਂ ਜਾਇਆ ਹਾਰ ਵੀ ਕਰ
ਤੂੰ ਹੈਂ ਭੋਲ਼ਾ, ਭੋਲ਼ੇਪਨ ਨਾਲ , 'ਭੰਗੂ' ਹੋਣਾ ਗੁਜ਼ਾਰਾ ਨਹੀਂ ਹੁਣ,
ਦੁਨੀਆਂ ਦੀ ਹਰ ਚਾਲ ਸਮਝ ਲੈ, ਖ਼ੁਦ ਨੂੰ ਕੁਝ ਹੁਸ਼ਿਆਰ ਵੀ ਕਰ