Tuesday, July 17, 2018

ਟਰੈਕਿੰਗ ਦਾ ਸਵਰਗ : ਸਰਪਾਸ

ਪਿਛਲੇ ਕੁਝ ਸਾਲਾਂ ਤੋਂ ਯੂਥ ਹੋਸਟਲਜ਼ ਆਫ ਇੰਡੀਆ ਦੇ ਟਰੈਕਿੰਗ ਪ੍ਰੋਗ੍ਰਾਮ ਦਾ ਹਿੱਸਾ ਬਣਦਿਆਂ ਇਸ ਸਿਹਤਮੰਦ ਰੁਝਾਨ ਅਧੀਨ ਕੁਦਰਤ ਦੇ ਅਣਛੋਹੇ ਰੂਪ ਦੇਖਣ ਦਾ ਮੌਕਾ ਹੰਪਤਾ ਸਰਕੂਲਰ ਅਤੇ ਚੰਦਰਖਾਨੀ ਪਾਸ ਸਰ ਕਰਦਿਆਂ ਮਿਲਿਆ । ਇਸੇ ਦੌਰਾਨ ਮਨ ਵਿੱਚ ਟਰੈਕਰਾਂ ਦੇ ਸਵਰਗ ਸਰਪਾਸ ਦੱਰ੍ਹੇ ਨੂੰ ਸਰ ਕਰਨ ਦੀ ਇੱਛਾ ਵੀ ਪ੍ਰਬਲ ਹੋਈ । ਪਰ ਸਮੱਸਿਆ ਇਹ ਸੀ ਯੂਥ ਹੋਸਟਲ ਐਸੋਸੀਏਸ਼ਨ ਜਦ ਵੀ ਇਸ ਪ੍ਰੋਗ੍ਰਾਂਮ ਦਾ ਐਲਾਨ ਕਰਦਾ ਤਾਂ ਨਿਰਧਾਰਤ ਸੀਟਾਂ ਕੁਝ ਦਿਨਾਂ ਤੇ ਕਈ ਵਾਰੀ ਕੁਝ ਘੰਟਿਆਂ ਵਿੱਚ ਹੀ ਭਰ ਜਾਂਦੀਆਂ । ਪਰ ਇਸ ਵਾਰ ਮੈਂ ਅਤੇ ਮੇਰੇ ਸਾਥੀ ਗੁਰਪ੍ਰੀਤ ਹੀਰਾ ਨੇ ਮਨ ਵਿੱਚ ਪੱਕਾ ਤਹੱਈਆ ਕਰ ਲਿਆ ਕਿ ਇਸ ਵਾਰ ਸਰਪਾਸ ਟਰੈਕਿੰਗ ਦਾ ਹਿੱਸਾ ਜਰੂਰ ਹੀ ਬਣਨਾ ਹੈ । ਸੋ ਅਸੀਂ ਅਕਤੂਬਰ ਮਹੀਨੇ ਤੋਂ ਹੀ ਐਸੋਸੀਏਸ਼ਨ ਦੀ ਵੈੱਬਸਾਈਟ ਤੇ ਨਿਗ੍ਹਾ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਪ੍ਰੋਗ੍ਰਾਮ ਦਾ ਐਲਾਨ ਹੁੰਦੇ ਹੀ ਆਪਣੀ ਸੀਟ ਬੁੱਕ ਕਰ ਦਿੱਤੀ । ਵੈਸੇ ਸਰਪਾਸ ਦੀ ਟਰੈਕਿੰਗ ਇੱਕ ਮਈ ਤੋਂ ਸ਼ੁਰੂ ਹੋ ਜਾਂਦੀ ਹੈ , ਪਰ ਅਸੀਂ ਜੂਨ ਮਹੀਨੇ ਦੇ ਸ਼ੁਰੂਆਤੀ ਦਿਨ ਚੁਣੇ ਕਿਉਂਕਿ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਜਾਂਦੀਆਂ ਹਨ । ਉਂਝ ਜੇਕਰ ਕੋਈ ਸਰਕਾਰੀ ਕਰਮਚਾਰੀ ਕੰਮ ਦੇ ਦਿਨਾਂ ਵਿੱਚ ਵਾਈ ਐੱਚ ਏ ਆਈ ਦੇ ਟਰੈਕਿੰਗ ਪ੍ਰੋਗ੍ਰਾਮ ਵਿੱਚ ਭਾਗ ਲੈਂਦਾ ਹੈ ਤਾਂ ਉਹ ਕੇਂਦਰ ਸਰਕਾਰ ਦੇ ਪੱਤਰ ਅਨੁਸਾਰ ਵਿਸ਼ੇਸ਼ ਇਤਫਾਕੀਆ ਛੁੱਟੀ ਦਾ ਹੱਕਦਾਰ ਹੁੰਦਾ ਹੈ । ਮਿੱਥੇ ਪ੍ਰੋਗ੍ਰਾਮ ਅਨੁਸਾਰ ਅਨੁਸਾਰ ਅਸੀਂ ਤਿੰਨ ਜੂਨ ਨੂੰ ਮਨੀਕਰਨ ਨੇੜੇ ਕਸੋਲ ਵਿੱਚ ਸਰਪਾਸ ਦੇ ਬੇਸ ਕੈਂਪ ਵਿਖੇ ਹਾਜ਼ਰੀ ਜਾ ਦਿੱਤੀ । ਪਾਰਬਤੀ ਨਦੀ ਦੇ ਕੰਢੇ ਬਣੇ ਬੇਸ ਕੈਂਪ ਵਿੱਚ ਲੱਗੇ ਤੰਬੂਆਂ 'ਚ ਅਲਾਟ ਹੋਇਆ ਤੰਬੂ ਜਾ ਮੱਲਿਆ । ਨਿਰਧਾਰਤ ਪ੍ਰੋਗ੍ਰਾਮ ਅਨੁਸਾਰ ਰਜਿਟ੍ਰੇਸ਼ਨ ਤੋਂ ਅਗਲੇ ਦੋ ਦਿਨਾਂ ਵਿੱਚ ਟਰੈਕਰਾਂ ਨੂੰ ਕੁਦਰਤੀ ਅਨੁਕੂਲਣ ਅਤੇ ਮੁਢਲੇ ਅਭਿਆਸ ਕਰਵਾਉਣ ਦੇ ਨਾਲ ਨਾਲ ਟਰੈਕ ਵਿੱਚ ਦਰਪੇਸ਼ ਆਉਣ ਵਾਲੇ ਹਾਲਾਤਾਂ ਦੇ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਦੇ ਨਾਲ ਹੀ ਗਰੁੱਪ ਦੇ ਲੀਡਰ , ਉਪ ਲੀਡਰ ਅਤੇ ਵਾਤਾਵਰਨ ਆਗੂ ਦੀ ਚੋਣ ਕੀਤੀ ਜਾਂਦੀ ਹੈ ਤਾਂ ਜੋ ਅਨੁਸਾਸ਼ਨ ਅਤੇ ਸਾਫ ਸਫਾਈ ਬਰਕਰਾਰ ਰਹਿ ਸਕੇ । ਟਰੈਕਿੰਗ ਦੌਰਾਨ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੇ ਖਾਣੇ ਦਾ ਸਮਾਂ ਨਿਰਧਾਰਤ ਹੁੰਦਾ ਹੈ ਅਤੇ ਇਸ ਦਾ ਪਾਲਣ ਕਰਨ ਦਾ ਵੀ ਇੱਕ ਵੱਖਰਾ ਅਨੁਭਵ ਹੈ । ਸਾਡੇ ਗਰੁੱਪ ਵਿੱਚ ਮੈਡੀਕਲ ਕਾਲਜ ਬਿਦਰ ਦੇ ਤਿੰਨ ਡਾਕਟਰ , ਪ੍ਰਮਾਣੂ ਖੋਜ ਕੇਂਦਰ ਮੁੰਬਈ ਸਮੇਤ ਅਨੇਕਾਂ ਸਰਕਾਰੀ ਤੇ ਨਿੱਜੀ ਅਦਾਰਿਆਂ ਦੇ ਕਰਮਚਾਰੀ / ਅਧਿਕਾਰੀ ਅਤੇ ਵਿਦਿਆਰਥੀ ਸ਼ਾਮਲ ਸਨ । ਸਭ ਤੋਂ ਛੋਟਾ ਮੈਂਗਲੁਰੂ ਤੋਂ ਆਇਆ ਪੰਦਰਾਂ ਸਾਲਾ ਸ਼ਿਖਰ ਅਤੇ ਸਭ ਤੋਂ ਵੱਡੇ ਮੁੰਬਈ ਤੋਂ ਆਏ ਸਤਾਹਟ ਸਾਲਾ ਰਮਨ ਭਾਈ । ਸਾਡੇ ਅਸਲੀ ਟਰੈਕ ਦੀ ਸ਼ੁਰੂਆਤ ਛੇ ਜੂਨ ਨੂੰ ਹੋਈ । ਪਹਿਲੇ ਦਿਨ ਸਾਡਾ ਰਾਤ ਦਾ ਪੜਾਅ ਕਸੋਲ ਤੋਂ ਅੱਠ ਕਿਲੋਮੀਟਰ ਦੂਰ ਇੱਕ ਪਹਾੜੀ ਪਿੰਡ ਗ੍ਰਹਿਣ ਦੇ ਨੇੜੇ ਸੀ । ਆਪਣੇ ਗਰੁੱਪ ਦੇ ਗਾਈਡਾਂ ਰਾਮ ਪ੍ਰਕਾਸ਼ ਤੇ ਦੇਵੀ ਸਿੰਘ ਜੋ ਕਿ ਗ੍ਰਹਿਣ ਦੇ ਹੀ ਰਹਿਣ ਵਾਲੇ ਸਨ , ਨਾਲ ਅਸੀਂ ਚਾਲੇ ਪਾ ਦਿੱਤੇ । ਪਹਿਲੇ ਦੋ ਕਿਲੋਮੀਟਰ ਦੇ ਕੱਚੇ ਪਹੇ ਵਰੇਗੇ ਰਸਤੇ ਤੋਂ ਬਾਅਦ ਲਗਾਤਾਰ ਤਿੱਖੀ ਚੜ੍ਹਾਈ ਸੀ । ਚਾਰ ਕੁ ਵਜੇ ਅਸੀਂ ਗ੍ਰਹਿਣ ਜਾ ਪੁੱਜੇ । ਗ੍ਰਹਿਣ ਇੱਕ ਰਵਾਇਤੀ ਪਹਾੜੀ ਪਿੰਡ ਹੈ । ਬਿਜਲੀ ਅਤੇ ਡਿਸ਼ ਐਨਟੀਨਾਂ ਤਾਂ ਇੱਥੇ ਪਹੁੰਚ ਗਏ ਹਨ , ਪਰ ਆਉਣ ਜਾਣ ਦਾ ਰਸਤਾ ਪਗਡੰਡੀ ਹੀ ਹੈ । ਮੋਬਾਇਲ ਦੀ ਰੇਂਜ ਵੀ ਇੱਥੇ ਆ ਕੇ ਦਮ ਤੋੜ ਜਾਂਦੀ ਹੈ । ਸਾਡੇ ਕੈਂਪ ਲੀਡਰ ਨੇ ਦੱਸਿਆ ਕਿ ਮੋਬਾਇਲ ਰੇਂਜ ਹੁਣ ਚਾਰ ਦਿਨ ਬਾਅਦ ਸਭ ਤੋਂ ਸਿਖਰਲੇ ਕੈਂਪ ਨਗਾਰੂ ਜਾ ਕੇ ਹੀ ਮਿਲੇਗੀ । ਗ੍ਰਹਿਣ ਕੈਂਪ ਦੇ ਨੇੜੇ ਹੀ ਨਿੱਜੀ ਰੈਸਟ ਹਾਊਸ ਹਨ , ਜਿੱਥੇ ਪੰਜਾਹ ਰੁਪਏ ਖਰਚ ਕੇ ਨਹਾਇਆ ਜਾ ਸਕਦਾ ਹੈ , ਨਹੀਂ ਤਾਂ ਨਹਾਉਣ ਦਾ ਸਬੱਬ ਟਰੈਕ ਖਤਮ ਹੋਣ ਤੇ ਹੀ ਬਣਦਾ ਹੈ । ਖੈਰ ਅਗਲੀ ਸਵੇਰ ਅਸੀਂ ਆਪਣੇ ਅਗਲੇ ਉਚੇਰੇ ਕੈਂਪ ਪਦਰੀ ਵੱਲ ਚਾਲੇ ਪਾ ਦਿੱਤੇ । ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਸਮੁੱਚੇ ਟਰੈਕ ਵਿੱਚ ਹਰ ਘੰਦੇ ਦੋ ਘੰਟੇ ਦੇ ਸਫਰ ਬਾਅਦ ਕੋਈ ਨਾ ਕੋਈ ਪਹਾੜੀ ਝਰਨਾ ਜਰੂਰ ਮਿਲਦਾ ਹੈ ਜੋ ਕਿ ਸਾਰੀ ਥਕਾਵਟ ਲਾਹ ਦਿੰਦਾ ਹੈ । ਅਗਲਾ ਸਫਰ ਕੁਦਰਤੀ ਨਜ਼ਾਰਿਆਂ ਝਰਨਿਆਂ ਸੰਗ ਉਤਰਾਈ ਚੜ੍ਹਾਈ ਭਰਿਆ ਸੀ ਪਰ ਪਹਿਲੇ ਦਿਨ ਦੇ ਸਫਰ ਤੋਂ ਘੱਟ ਕਠਿਨ । ਸੋ ਅਸੀਂ ਕਾਫੀ ਦਿਨ ਖੜ੍ਹੇ ਹੀ ਪਦਰੀ ਜਾ ਪਹੁੰਚੇ । ਪਦਰੀ ਕੈਂਪ ਜੰਗਲ ਦੇ ਐਨ ਵਿਚਕਾਰ ਇੱਕ ਚਰਾਂਦ ਵਿੱਚ ਬਣਿਆਂ ਹੋਇਆ ਹੈ ਅਤੇ ਇਸ ਕੈਂਪ ਤੋਂ ਉੱਚੇ ਪਹਾੜਾਂ ਦਾ ਨਜ਼ਾਰਾ ਬੜਾ ਦਿਲਕਸ਼ ਦਿਖਾਈ ਦਿੰਦਾ ਹੈ । ਸੋ ਟਰੈਕਰਾਂ ਨੇ ਕਾਫੀ ਫੋਟੋਗ੍ਰਾਫੀ ਕੀਤੀ । ਸਾਡੇ ਕੈਂਪ ਲੀਡਰ ਨੇ ਦੱਸਿਆ ਕਿ ਸਾਡਾ ਅਗਲੇ ਦਿਨ ਦਾ ਸਫਰ ਜੋ ਕਿ ਮਿੰਥਾਚ ਨਾਂ ਦੇ ਕੈਂਪ ਤੱਕ ਸੀ , ਲੰਮਾ ਤੇ ਚੁਣੌਤੀਪੂਰਨ ਹੈ । ਉਨ੍ਹਾਂ ਮਜਾਕ ਵਿੱਚ ਇਹ ਵੀ ਦੱਸਿਆ ਕਿ ਜਿਹੜੇ ਟਰੈਕਰ ਮਿੰਥਾਚ ਪੁੱਜ ਗਿਆ , ਉਹ ਹਰ ਹੀਲੇ ਸਰਪਾਸ ਨੂੰ ਸਰ ਕਰ ਲਵੇਗਾ । ਅਗਲੇ ਦਿਨ ਸਖਤ ਤੇ ਜੋਖਮ ਭਰਪੂਰ ਚੜ੍ਹਾਈ ਵਾਲੇ ਤੇਰਾਂ ਕਿਲੋਮੀਟਰ ਦੇ ਸਫਰ ਨੇ ਟਰੈਕਰਾਂ ਦੀ ਖੂਬ ਪ੍ਰੀਖਿਆ ਲਈ । ਰਾਹ ਵਿੱਚ ਇੱਕ ਦੋ ਵਾਰ ਹਲਕੀ ਬਾਰਿਸ਼ ਵੀ ਹੋਈ ਜਿਸ ਕਾਰਨ ਚੀਕਣੀ ਪਹਾੜੀ ਮਿੱਟੀ ਤੇ ਚੱਲਣਾ ਹੋਰ ਵੀ ਔਖਾ ਤੇ ਰੋਮਾਂਚਕ ਲੱਗਿਆ । ਰਾਹ ਵਿੱਚ ਲੰਚ ਪੁਆਇੰਟ ਤੇ ਡੇਢ ਗੰਟੇ ਦੇ ਕਰੀਬ ਸਮਾਂ ਆਰਾਮ ਕੀਤਾ ਅਤੇ ਮਸਤੀ ਵੀ ਕੀਤੀ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਟਰੈਕਰਾਂ ਨੂੰ ਹਰ ਕੈਂਪ ਤੋਂ ਲੰਚ ਮਿਲਦਾ ਹੈ ਜੋ ਕਿ ਟਿਫਨਾਂ ਵਿੱਚ ਪੈਕ ਕਰਕੇ ਲਿਜਾਣਾ ਹੁੰਦਾ ਹੈ ਅਤੇ ਹਰੇਕ ਲੰਚ ਪੁਆਇੰਟ ਤੇ ਨੇੜਲੇ ਪਹਾੜੀ ਪਿੰਡ ਗ੍ਰਹਿਣ ਦੇ ਲੋਕ ਆਰਜੀ ਦੁਕਾਨ ਲਗਾ ਲੈਂਦੇ ਹਨ , ਜਿੱਥੋਂ ਚਾਹ , ਅੰਡੇ , ਮੈਗੀ ਆਦਿ ਮਿਲ ਜਾਂਦੇ ਹਨ । ਪਰ ਉਚਾਰੀ ਵਧਣ ਦੇ ਨਾਲ ਨਾਲ ਭਾਅ ਉੱਚੇ ਹੁੰਦੇ ਰਹਿੰਦੇ ਹਨ । ਸ਼ਾਮ ਨੂੰ ਚਾਰ ਵੱਜਦੇ ਤੱਕ ਅਸੀਂ ਮਿੰਥਾਚ ਪਹੁੰਚ ਗਏ । ਕੈਂਪ ਬੜਾ ਸੋਹਣਾ ਸੀ , ਪਰ ਕੈਂਪ ਲੀਡਰ ਨੇ ਸਾਨੂੰ ਪਹਿਲਾਂ ਹੀ ਆਗਾਹ ਕਰ ਦਿੱਤਾ ਕਿ ਰਾਤ ਨੂੰ ਬੈਗਾਂ ਵਿੱਚ ਖਾਣ ਪੀਣ ਦਾ ਸਮਾਨ ਨਾ ਰੱਖਿਆ ਜਾਵੇ ਕਿਉਂਕਿ ਪਹਾੜੀ ਚੂਹੇ ਬੈਗ ਕੁਤਰ ਦਿੰਦੇ ਹਨ । ਲਿਹਾਜ਼ਾ ਬਹੁਤਿਆਂ ਦਾ ਲੁਕਾ ਕੇ ਰੱਖਿਆ ਸਮਾਨ ਬਾਹਰ ਨਿਕਲ ਆਇਆ ਤੇ ਰੱਜਵੇਂ ਡਰਾਈ ਫਰੂਟ ਖਾਣ ਨੂੰ ਮਿਲੇ । ਅਗਲੇ ਦਿਨ ਸਾਡਾ ਸਫਰ ਸਭ ਤੋਂ ਉੱਚੇ ਪਹਾੜੀ ਕੈਂਪ ਨਗਾਰੂ ( ਉਚਾਈ 13000 ਫੁੱਟ ) ਤੱਕ ਸੀ । ਸਫਰ ਵੀ ਕੋਈ ਬਹੁਤਾ ਲੰਮਾਂ ਨਹੀਂ ਸੀ । ਨਗਾਰੂ ਕੈਂਪ ਸਾਹਮਣੇ ਖੜ੍ਹੇ ਉੱਚੇ ਪਹਾੜ ਤੇ ਨਜ਼ਰ ਆ ਰਿਹਾ ਸੀ । ਸਵੇਰੇ ਦਸ ਕੁ ਵਜੇ ਅਸੀਂ ਨਗਾਰੂ ਵੱਲ ਨੂੰ ਚੱਲ ਪਏ ਅਤੇ ਤਿੰਨ ਕੁ ਵਜੇ ਤੱਕ ਜਾ ਪੁੱਜੇ । ਨਗਾਰੂ ਕੈਂਪ ਦਾ ਨਾਂ ਪਹਾੜਾਂ ਵਿੱਚ ਪੂਜਣਯੋਗ ਨਗਾਰੂ ਦੇਵਤਾ ਦੇ ਨਾਂ ਤੇ ਪਿਆ ਹੈ , ਜਿਸਦਾ ਮੰਦਰ ਵੀ ਕੈਂਪ ਦੇ ਵਿੱਚ ਹੀ ਹੈ । ਇੱਕ ਪਹਾੜੀ ਚੋਟੀ ਤੇ ਬਣਿਆਂ ਨਗਾਰੂ ਕੈਂਪ ਰਿਜ ਜਿਹੀ ਢਾਲਵੇਂ ਮੈਦਾਨ ਉੱਤੇ ਹੈ । ਇੱਥੇ ਮੌਸਮ ਪਲ ਪਲ ਰੰਗ ਬਦਲਦਾ ਹੈ । ਦਸ ਮਿੰਟ ਪਹਿਲਾਂ ਮਿੱਠੀ ਮਿੱਠੀ ਧੁੱਪ ਹੁੰਦੀ ਹੈ ਅਤੇ ਪਲਾਂ ਵਿੱਚ ਹੀ ਕਿਧਰੋਂ ਆ ਬੱਦਲ ਤੰਬੂਆਂ ਨਾਲ ਖਹਿੰਦੇ ਹਨ । ਮੀਂਹ ਪੈਣ ਲਗਦਾ ਹੈ । ਤੇਜ ਹਵਾਵਾਂ ਵਿੱਚ ਟੈਂਟ ਨੂੰ ਉੱਖੜਨ ਤੋਂ ਬਚਾਉਣ ਲਈ ਪੜ੍ਹ ਕੇ ਬੈਠਣਾ ਪੈਂਦਾ ਹੈ । ਕੈਂਪ ਲੀਡਰ ਨੇ ਸਾਨੂੰ ਸੱਤ ਵਜੇ ਤੱਕ ਸਾਉਣ ਲਈ ਕਹਿ ਦਿੱਤਾ ਕਿਉਂਕਿ ਅਗਲੇ ਦਿਨ ਸਵੇਰੇ ਚਾਰ ਵਜੇ ਅਸੀਂ ਸਰਪਾਸ ਦੇ ਸਿਖਰ ਨੂੰ ਟੱਪ ਕੇ ਅਗਾਂਹ ਜਾਣਾ ਸੀ ਅਤੇ ਸਾਡਾ ਸਫਰ ਵੀ ਪੰਦਰਾਂ ਕਿਲੋਮੀਟਰ ਲੰਮਾਂ ਸੀ । ਸਵੇਰੇ ਉੱਠੇ ਤਾਂ ਦੇਖਿਆ ਕਿ ਜੋਰਦਾਰ ਬਾਰਿਸ਼ ਹੋ ਰਹੀ ਸੀ । ਸਾਡਾ ਚੱਲਣ ਦਾ ਸਮਾਂ ਲੇਟ ਹੋ ਗਿਆ ਅਤੇ ਅਸੀਂ ਛੇ ਵਜੇ ਦੇ ਕਰੀਬ ਹਲਕੇ ਮੀੰਹ ਵਿੱਚ ਹੀ ਅਗਲੇ ਸਫਰ ਨੂੰ ਨਿਕਲ ਸਕੇ । ਦੋ ਕੁ ਘੰਟੇ ਬਾਅਦ ਹੀ ਅਸੀਂ ਸਰਪਾਸ ਦੀ ਸਿਖਰ ਤੇ ਸੀ , ਪਰ ਬਰਫ ਦੇ ਨਦਾਰਦ ਹੋਣ ਕਾਰਨ ਦੱਖਣੀ ਭਾਰਤ ਤੋਂ ਆਏ ਟਰੈਕਰ ਕੁਝ ਨਿਰਾਸ਼ ਸਨ । ਸਾਡੇ ਗਾਈਡ ਨੇ ਦੱਸਿਆ ਦਹਾਕਾ ਪਹਿਲਾਂ ਸਾਰਾ ਸਾਲ ਬਰਫ ਨਾਲ ਲੱਦਿਆ ਰਹਿਣ ਵਾਲਾ ਸਰਪਾਸ ਹੁਣ ਜੂਨ ਜੁਲਾਈ ਵਿੱਚ ਇਸ ਤੋਂ ਵਿਰਵਾ ਹੋ ਜਾਂਦਾ ਹੈ । ਪਰ ਚੌਦਾਂ ਹਜਾਰ ਦੀ ਉਚਾਈ ਤੋਂ ਆਲੇ ਦੁਆਲੇ ਦੇ ਦ੍ਰਿਸ਼ ਮੰਤਰਮੁਗਧ ਕਰਨ ਵਾਲੇ ਸਨ । ਘੰਟਾ ਕੁ ਸਿਖਰ ਤੇ ਮਸਤੀ ਕੀਤੀ , ਤਸਵੀਰਾਂ ਲਈਆਂ ਅਤੇ ਫੇਰ ਸਰਪਾਸ ਦੇ ਅਗਲੇ ਸਫਰ ਨੂੰ ਹੋ ਤੁਰੇ । ਇੱਕ ਤੋਂ ਬਾਅਦ ਇੱਕ ਤਿੰਨ ਬੜੀਆਂ ਚੜ੍ਹਾਈਆਂ ਉਤਰਾਈਆਂ ਤੋਂ ਬਾਅਦ ਅਸੀਂ ਰਿਸਕੀ ਟਾੱਪ ਦੇ ਸਥਾਨ ਤੇ ਪੁੱਜੇ ਤਾਂ ਗਾਈਡ ਨੇ ਸਾਨੂੰ ਦੱਸਿਆ ਕਿ ਤੁਸੀਂ ਹੁਣ ਸਰਪਾਸ ਨੂੰ ਪਾਰ ਕਰ ਚੁੱਕੇ ਹੋ ਹੁਣ ਕੇਵਲ ਉਤਰਾਈ ਦੀ ਚੁਣੌਤੀ ਸਾਹਮਣੇ ਹੋਵੇਗੀ । ਇਸ ਤੋਂ ਪਹਿਲਾਂ ਕੁਝ ਥਾਂ ਆਈ ਬਰਫ ਤੇ ਖਰਮਸਤੀ ਕਰਵਾਕੇ ਗਾਈਡਾਂ ਨੇ ਟਰੈਕਰਾਂ ਦੇ ਮਨ ਦਾ ਕੁਝ ਰੋਸਾ ਦੂਰ ਕਰਵਾ ਦਿੱਤਾ । ਰਿਸਕੀ ਟਾੱਪ ਤੋਂ ਦੂਰ ਤੱਕ ਉਤਰਾਈ ਸਾਫ ਨਜ਼ਰੀਂ ਪੈ ਰਹੀ ਸੀ ਕਿ ਅਚਾਨਕ ਮੀਂਹ ਅਤੇ ਹਲਕੀ ਗੜ੍ਹੇਮਾਰੀ ਸ਼ੁਰੂ ਹੋ ਗਈ । ਨਜ਼ਾਰਾ ਅਜਿਹਾ ਦਿਲਖਿਚਵਾਂ ਸੀ ਕਿ ਵਾਰ ਵਾਰ ਮਨ ਵਿੱਚ ਆ ਰਿਹਾ ਸੀ ਕਿ ਸਰਪਾਸ ਨੂੰ ਟਰੈਕਰਾਂ ਦਾ ਸਵਰਗ ਇਸੇ ਕਰਕੇ ਕਹਿੰਦੇ ਹਨ । ਅਗਲੇ ਦੋ ਘੰਟਿਆਂ ਦੌਰਾਨ ਕੁਦਰਤ ਦੇ ਇਸ ਰੂਪ ਦਾ ਅਨੰਦ , ਰੋਮਾਂਚ ਮਾਣਦਿਆਂ ਅਸੀਂ ਲੰਚ ਪੁਆਇੰਟ ਤੇ ਤਾਣੀ ਤਰਪਾਲ ਵਿੱਚ ਠਾਹਰ ਲਈ । ਮੀਂਹ ਤੋਂ ਬਚਾਅ ਖਾਤਰ ਲਈ ਪਲਾਸਟਿਕ ਸ਼ੀਟ ਨੇ ਪਿੱਠੂ ਬੈਗ ਤਾਂ ਭਿੱਜਣ ਤੋਂ ਬਚਾ ਲਿਆ ਪਰ ਪੈਂਟ ਅਤੇ ਬੂਰ ਪਾਣੀ ਨਾਲ ਗੱਚ ਹੋ ਗਏ । ਇੱਥੇ ਆ ਕੇ ਫੀਲਡ ਡਾਰਿਕੈਟਰ ਦੀ ਗੱਲ ਯਾਦ ਆਈ ਕਿ ਟਰੈਕਿੰਗ ਦੌਰਾਨ ਜੇਕਰ ਤੁਹਾਡੇ ਸਰੀਰ ਦਾ ਕੋਈ ਅੰਗ ਤੰਦਰੁਸਤ ਰਹਿਣਾ ਚਾਹੀਦਾ ਹੈ ਤਾਂ ਉਹ ਹਨ ਪੈਰ । ਅੱਗ ਕੋਲ ਬੈਠ ਕੇ ਜੁਰਾਬਾਂ ਨਚੋੜੀਆਂ ਚਾਹ ਪਾਣੀ ਪੀ ਕੇ ਮੀਂਹ ਰਕਦੀ ਸਾਰ ਅਗਲੇ ਰਾਤਰੀ ਕੈਂਪ ਬਸਕੇਰੀ ਵੱਲ ਨੂੰ ਤੁਰ ਪਏ ਜੋ ਇੱਥੋਂ ਚਾਰ ਕੁ ਕਿਲੋਮੀਟਰ ਦੀ ਦੂਰੀ ਤੇ ਸੀ । ਪਰ ਪਏ ਮੀਂਹ ਨੇ ਰਸਤਿਆਂ ਵਿੱਚ ਫਿਸਲਣ ਕਰ ਦਿੱਤੀ ਸੀ , ਜਿਸ ਕਾਰਨ ਤੁਰਨ ਵਿੱਚ ਮੁਸ਼ਕਿਲ ਆ ਰਹੀ ਸੀ । ਚਾਰ ਕੁ ਵਜੇ ਬਸਕੇਰੀ ਪਹੁੰਚ ਗਿੱਲੇ ਕੱਪੜੇ ਤੇ ਬੂਟ ਬਗੈਰਾ ਸੁੱਕਣ ਲਈ ਧੁੱਪ ਵਿੱਚ ਪਾ ਦਿੱਤੇ । ਬਸਕੇਰੀ ਕੈਂਪ ਵੀ ਇੱਕ ਚਰਾਂਦ ਵਿੱਚ ਹੀ ਬਣਿਆਂ ਹੋਇਆ ਸੀ ਅਤੇ ਬੇਹੱਦ ਖੂਬਸੂਰਤ ਨਜ਼ਾਰੇ ਆਲੇ ਦੁਆਲੇ ਸਨ । ਸੋ ਦਿਨ ਭਰ ਦੀ ਥਕਾਵਟ ਉਤਰ ਗਈ । ਅਗਲੇ ਦਿਨ ਸਾਡੀ ਆਖਰੀ ਠਾਹਰ ਬੰਧਕਥਾਚ ਸੀ ਜਿਸਨੂੰ ਕਿ ਪਾਰਬਤੀ ਵਾਦੀ ਵਿੱਚ ਭਾਰਤ ਦਾ ਸਵਿੱਟਜਰਲੈਂਡ ਵੀ ਕਿਹਾ ਜਾਂਦਾ ਹੈ । ਪਹਾੜਾਂ ਦੇ ਵਿੱਚਕਾਰ ਖੁੱਲ੍ਹੇ ਮੈਦਾਨ ਵਿੱਚ ਲੱਗਿਆ ਕੈਂਪ ਵਾਕਈ ਸੁਰਗਮਈ ਅਹਿਸਾਸ ਕਰਵਾਉਂਦਾ ਹੈ । ਨੇੜੈ ਹੀ ਵਹਿੰਦੇ ਦੋ ਝਰਨੇ ਇਸ ਜਗ੍ਹਾ ਦੇ ਸੁਹੱਪਣ ਨੂੰ ਹੋਰ ਚਾਰ ਚੰਨ ਲਾਉਂਦੇ ਹਨ । ਅਗਲੇ ਦਿਨ ਸਵੇਰੇ ਅੱਠ ਵਜੇ ਅਸੀਂ ਇਸ ਸਥਾਨ ਤੋਂ ਵਿਦਾ ਲੈ ਚੱਲ ਪਏ । ਆਪਣੇ ਗਰੁੱਪ ਦੇ ਅਨੇਕਾਂ ਚਿਹਰੇ ਜੋ ਅਣਜਾਣ ਸਨ , ਹੁਣ ਉਨ੍ਹਾਂ ਨਾਲ ਦੋਸਤੀ ਦੀ ਨਿੱਘੀ ਸਾਂਝ ਸੀ । ਭਾਸ਼ਾ , ਰੰਗ ਰੂਪ , ਰਾਜ ਸਭ ਪਿੱਛੇ ਰਹਿ ਚੁੱਕੇ ਸਨ । ਇੱਕ ਦੇਸ ਦੇ ਨਾਗਰਿਕ ਇੱਕ ਦੂਜੇ ਨਾਲ ਇੱਕਮਿੱਕ ਹੋ ਚੁੱਕੇ ਸਨ । ਦੁਬਾਰਾ ਫਿਰ ਕਿਸੇ ਟਰੈਕਿੰਗ ਤੇ ਮਿਲਣ ਜਾਂ ਕਦੇ ਆਪਣੇ ਸ਼ਹਿਰ / ਰਾਜ ਵਿੱਚ ਆਉਣ ਦੇ ਮੋਹ ਭਿੱਜੇ ਸੱਦੇ ਲੈ ਆਖਰੀ ਦਿਨ ਦੀ ਉਤਰਾਈ ਉਤਰ ਮਨੀਕਰਨ ਤੋਂ ਵੀਹ ਕਿਲੋਮੀਟਰ ਅਗਾਂਹ ਬਿਸ਼ਰੈਣੀ ਪਿੰਡ ਨੁਮਾ ਕਸਬੇ ਦੇ ਅੱਡੇ ਤੋਂ ਬੱਸ ਲਈ ਅਤੇ ਬੇਸ ਕੈਂਪ ਕਸੋਲ ਆ ਪੁੱਜੇ । ਆਪਣਾ ਜਮਾਂ ਸਮਾਨ ਲੈ ਵਾਪਸੀ ਪਾ ਦਿੱਤੀ , ਪਰ ਅਗਲੇ ਸਾਲ ਜੂਨ ਵਿੱਚ ਇੱਕ ਹੋਰ ਨਵਾਂ ਟਰੈਕਿੰਗ ਕਰਨ ਦੀ ਵਿਊਂਤਬੰਦੀ ਦੇ ਨਾਲ ਨਾਲ ।


No comments:

Post a Comment